ਜਲੰਧਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਵੋਟਾਂ ਦੀ ਪ੍ਰਕਿਰਿਆ 20 ਫਰਵਰੀ ਨੂੰ ਪੂਰੀ ਹੋ ਚੁੱਕੀ ਹੈ। ਜਿੱਥੇ ਇੱਕ ਪਾਸੇ ਵੋਟਾਂ ਤੋਂ ਪਹਿਲੇ ਹਰ ਰਾਜਨੀਤਿਕ ਪਾਰਟੀ ਦੇ ਉਮੀਦਵਾਰਾਂ ਵਿੱਚ ਇਹ ਚਰਚਾ ਸੀ ਕੀ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪੈਣ ਤਾਂ ਕਿ ਉਹ ਚੋਣਾਂ ਵਿੱਚ ਜਿੱਤ ਸਕੇ, ਉੱਥੇ ਵੋਟਾਂ ਤੋਂ ਬਾਅਦ ਹੁਣ ਆਮ ਲੋਕਾਂ ਵਿੱਚ ਇਹ ਚਰਚਾ ਗਰਮ ਹੈ ਕਿ ਵੋਟਾਂ ਤਾਂ ਹੋ ਗਈਆਂ ਹੁਣ ਜਿੱਤੇਗਾ ਕੌਣ ? ਯਾਨੀ ਵੋਟਾਂ ਤਾਂ ਪੈ ਗਈਆਂ, ਪਰ ਹੁਣ ਅੱਗੇ ਕੀ ?
ਇਹ ਵੀ ਪੜੋ: ਚੰਗੀ ਸਿੱਖਿਆ, ਰੁਜ਼ਗਾਰ ਤੇ ਉੱਚੇ ਜੀਵਨ ਪੱਧਰ ਲਈ ਪੰਜਾਬੀਆਂ ਦੀ ਵਿਦੇਸ਼ਾਂ ਵੱਲ ਦੌੜ ਜਾਰੀ, ਜਾਣੋ ਅੰਕੜਾ
ਸ਼ਾਹਕੋਟ ਵਿਧਾਨ ਸਭਾ ਹਲਕੇ ਦਾ ਰਾਜਨੀਤਿਕ ਵੇਰਵਾ
ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸ਼ਾਹਕੋਟ (Shahkot Assembly constituency) ਇੱਕ ਅਹਿਮ ਵਿਧਾਨ ਸਭਾ ਹਲਕਾ ਹੈ। ਜਲੰਧਰ ਦੇ ਇਸ ਵਿਧਾਨ ਸਭਾ ਹਲਕੇ ਵਿੱਚ ਕਰੀਬ 22 ਸਾਲ ਅਕਾਲੀ ਦਲ ਦਾ ਰਾਜ ਰਿਹਾ ਅਤੇ ਪਿਛਲੀ ਵਾਰ ਵੀ ਇਥੋਂ ਅਕਾਲੀ ਦਲ ਹੀ ਜੇਤੂ ਸੀ, ਪਰ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਸਰਕਾਰ ਅਜੀਤ ਸਿੰਘ ਕੋਹਾੜ ਦੀ ਮੌਤ ਹੋ ਜਾਣ ਕਰਕੇ ਇੱਥੇ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਜਿੱਤ ਹਾਸਲ ਕੀਤੀ।
ਅਕਾਲੀ ਦਲ ਨੇ ਕੀਤਾ 22 ਸਾਲ ਰਾਜ
ਦਰਅਸਲ ਇਸ ਇਲਾਕੇ ਵਿੱਚ ਅਕਾਲੀ ਦਲ ਦੇ ਨੇਤਾ ਅਜੀਤ ਸਿੰਘ ਕੁਹਾੜ ਨੇ 22 ਸਾਲ ਰਾਜ ਕੀਤਾ। 2018 ਵਿੱਚ ਉਨ੍ਹਾਂ ਦੀ ਮੌਤ ਹੋ ਜਾਣ ਕਰਕੇ ਇਸ ਇਲਾਕੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਜਿਸ ਵਿੱਚ ਅਕਾਲੀ ਦਲ ਵੱਲੋਂ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਟਿਕਟ ਦਿੱਤੀ ਗਈ ਜਦਕਿ ਉਸ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਨੂੰ ਇਹ ਟਿਕਟ ਮਿਲੀ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਹਰਦੇਵ ਸਿੰਘ ਲਾਡੀ ਨੇ ਨਾਇਬ ਸਿੰਘ ਕੋਹਾੜ ਨੂੰ ਕਰੀਬ ਅਠੱਤੀ ਹਜ਼ਾਰ ਵੋਟਾਂ ਨਾਲ ਹਰਾ ਕੇ ਸ਼ਾਹਕੋਟ ਦੀ ਇਸ ਸੀਟ ਤੇ ਕਬਜ਼ਾ ਕੀਤਾ ਸੀ।
ਸ਼ਾਹਕੋਟ ਵਿਧਾਨ ਸਭਾ ਹਲਕੇ ਦਾ ਵੇਰਵਾ
ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ (Shahkot Assembly constituency) ਵਿੱਚ ਤਿੰਨ ਮੁੱਖ ਇਲਾਕੇ ਹਨ ਜਿਨ੍ਹਾਂ ਵਿੱਚ ਸ਼ਾਹਕੋਟ ਲੋਹੀਆਂ ਅਤੇ ਮਹਿਤਪੁਰ ਵਿਖੇ ਕੱਲੇ-ਕੱਲੇ ਇਲਾਕੇ ਵਿੱਚ 13-13 ਵਾਰਡ ਮੌਜੂਦ ਹਨ। ਇਸ ਤੋਂ ਇਲਾਵਾ ਇਸ ਹਲਕੇ ਵਿੱਚ 234 ਪਿੰਡ ਅਤੇ ਇੰਨੀਆਂ ਹੀ ਪੰਚਾਇਤਾਂ ਹਨ। ਸ਼ਾਹਕੋਟ ਹਲਕੇ ਦੇ ਸ਼ਾਹਕੋਟ ਇਲਾਕੇ ਵਿੱਚ 92 ਪਿੰਡ, ਲੋਹੀਆਂ ਵਿਚ 82 ਪਿੰਡ ਅਤੇ ਮਹਿਤਪੁਰ ਇਲਾਕੇ ਵਿੱਚ 59 ਪਿੰਡ ਹਨ। ਫਿਲਹਾਲ ਇਸ ਇਲਾਕੇ ਵਿੱਚ ਇਸ ਵਾਰ 20 ਫਰਵਰੀ ਨੂੰ ਇਲਾਕੇ ਦੇ ਕਰੀਬ ਇੱਕ ਲੱਖ ਬਿਆਸੀ ਹਜ਼ਾਰ (182000) ਵੋਟਰ ਨੇ ਜਿਨ੍ਹਾਂ ਨੇ ਆਪਣੇ ਆਪਣੇ ਪਸੰਦੀਦਾ ਪਾਰਟੀ ਦੇ ਉਮੀਦਵਾਰ ਨੂੰ ਵੋਟ ਕਾਰਨ ਉਸ ਦਾ ਭਵਿੱਖ ਈਵੀਐਮ ਮਸ਼ੀਨ ਵਿੱਚ ਬੰਦ ਕੀਤਾ ਹੈ ਜਿਸ ਦਾ ਅਸਲ ਫ਼ੈਸਲਾ ਹੁਣ 10 ਮਾਰਚ ਨੂੰ ਆਉਣ ਵਾਲਾ ਹੈ।
ਇਸ ਵਾਰ ਦੀਆਂ ਚੋਣਾਂ ਵਿੱਚ ਕੌਣ ਕੌਣ ਰਹੇ ਉਮੀਦਵਾਰ
ਇਸ ਵਾਰ ਪੰਜਾਬ ਵਿੱਚ 20 ਫਰਵਰੀ ਨੂੰ ਹੋਈਆਂ ਵਿਧਾਨਸਭਾ ਚੋਣਾਂ ਲਈ ਸ਼ਾਹਕੋਟ ਵਿਧਾਨ ਸਭਾ ਹਲਕੇ (Shahkot Assembly constituency) ਵਿੱਚ ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਕਿ ਪਹਿਲੇ ਹੀ ਇਸ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ।
ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਇਸ ਹਲਕੇ ਲਈ ਇਥੋਂ ਦੇ ਪੁਰਾਣੇ ਅਕਾਲੀ ਨੇਤਾ ਅਤੇ ਸਾਬਕਾ ਕੈਬਿਨਟ ਮੰਤਰੀ ਸਵਰਗੀ ਅਜੀਤ ਸਿੰਘ ਕੋਹਾੜ ਦੇ ਪੋਤੇ ਬਚਿੱਤਰ ਸਿੰਘ ਨੂੰ ਟਿਕਟ ਦਿੱਤੀ ਹੋਈ ਹੈ ਜਦਕਿ ਆਮ ਆਦਮੀ ਪਾਰਟੀ ਵੱਲੋਂ ਇਹ ਸੀਟ ਦੇ ਲਈ ਰਤਨ ਸਿੰਘ ਕਾਕੜ ਕਲਾਂ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਗਿਆ ਹੈ। ਇਸ ਹਲਕੇ ਵਿੱਚ ਫ਼ਿਲਹਾਲ ਇਨ੍ਹਾਂ ਤਿੰਨਾਂ ਉਮੀਦਵਾਰਾਂ ਵਿਚੋਂ ਅਕਾਲੀ ਦਲ ਆਖਦੇ ਕਾਂਗਰਸ ਦੇ ਉਮੀਦਵਾਰ ਵਿੱਚ ਟੱਕਰ ਮੰਨੀ ਜਾ ਰਹੀ ਹੈ।
ਸ਼ਾਹਕੋਟ ਹਲਕੇ ਵਿੱਚ ਆਮ ਲੋਕਾਂ ਦੇ ਮੁੱਦੇ
ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ ਜਦ ਅਸੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਸ਼ਹਿਰ ਦੇ ਅੰਦਰ ਰਹਿੰਦੇ ਲੋਕ ਇੱਥੋਂ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਦੇ ਕੰਮਾਂ ਤੋਂ ਕਾਫੀ ਖੁਸ਼ ਦਿਖੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਧਾਇਕ ਨੇ ਇਲਾਕੇ ਵਿੱਚ ਬਹੁਤ ਕੰਮ ਕਰਵਾਏ ਨੇ ਅਤੇ ਇਸੇ ਦੇ ਚੱਲਦੇ ਇਸ ਵਾਰ ਵੀ ਚੋਣਾਂ ਵਿੱਚ ਹਰਦੇਵ ਸਿੰਘ ਲਾਡੀ ਦਾ ਪੂਰਾ ਖਿਆਲ ਰੱਖਿਆ ਜਾਊਗਾ। ਇਲਾਕੇ ਦੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਇਲਾਕੇ ਦੇ ਅੰਦਰ ਦੀਆਂ ਸੜਕਾਂ, ਗਲੀਆਂ ਸੀਵਰੇਜ ਇਹ ਸਭ ਤੋਂ ਇਲਾਕੇ ਦੇ ਲੋਕ ਸੰਤੁਸ਼ਟ ਦਿਖੇ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਕੰਮ ਪਿਛਲੇ ਕਈ ਵਾਰ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਨਹੀਂ ਕੀਤੇ ਉਹ ਕੰਮ ਕਾਂਗਰਸ ਸਰਕਾਰ ਵਿਚ ਪੂਰੇ ਕੀਤੇ ਗਏ ਹਨ।
ਸ਼ਾਹਕੋਟ ਦੇ ਬਾਹਰੀ ਇਲਾਕਿਆਂ ਦੇ ਲੋਕ ਕਾਂਗਰਸ ਤੋਂ ਦੁਖੀ
ਉਧਰ ਸ਼ਾਹਕੋਟ ਨਗਰ ਦੇ ਬਾਹਰ ਦੇ ਇਲਾਕਿਆਂ ਦੇ ਲੋਕ ਕਾਂਗਰਸ ਤੋਂ ਕਾਫੀ ਨਿਰਾਸ਼ ਨਜ਼ਰ ਆਏ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਅੰਦਰ ਤਾਂ ਹਲਕੇ ਦੇ ਵਿਧਾਇਕ ਵੱਲੋਂ ਪੂਰੇ ਕੰਮ ਕਰਵਾਏ ਗਏ ਹਨ, ਪਰ ਸ਼ਹਿਰ ਦੇ ਬਾਹਰੀ ਇਲਾਕਿਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਲੋਕਾਂ ਨੇ ਆਪਣੇ ਇਲਾਕੇ ਦੇ ਹਾਲਾਤ ਦਿਖਾਉਂਦੇ ਹੋਏ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੇ ਬਾਹਰ ਖੜ੍ਹਾ ਅਤੇ ਕੱਚੀਆਂ ਸੜਕਾਂ ਵੱਲ ਸਾਡਾ ਧਿਆਨ ਦਿਵਾਇਆ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵਿੱਚ ਨਾਂ ਤੇ ਕੋਈ ਸੀਵਰੇਜ ਦਾ ਪ੍ਰਬੰਧ ਹੈ ਤੇ ਨਾ ਹੀ ਵਿਧਾਇਕ ਵੱਲੋਂ ਸੜਕਾਂ ਅਤੇ ਗਲੀਆਂ ਦਾ ਕੋਈ ਇੰਤਜ਼ਾਮ ਕੀਤਾ ਗਿਆ ਹੈ।
ਸ਼ਾਹਕੋਟ ਹਲਕੇ ਵਿੱਚ ਗੈਰਕਾਨੂੰਨੀ ਮਾਈਨਿੰਗ ਵੀ ਇੱਕ ਅਹਿਮ ਮੁੱਦਾ
ਜਲੰਧਰ ਜ਼ਿਲ੍ਹੇ ਦਾ ਸ਼ਾਹਕੋਟ ਹਲਕਾ ਗੈਰਕਾਨੂੰਨੀ ਮਾਈਨਿੰਗ ਦਾ ਇੱਕ ਅਹਿਮ ਅੱਡਾ ਮੰਨਿਆ ਜਾਂਦਾ ਹੈ ਕਿਉਂਕਿ ਸਤਲੁਜ ਨਦੀ ਦੇ ਕਿਨਾਰੇ ਜਲੰਧਰ ਵਾਲੀ ਸਾਈਡ ਤੋਂ ਅਕਾਲੀ ਦਲ ਭਾਜਪਾ ਗਠਬੰਧਨ ਸਰਕਾਰ ਵੇਲੇ ਵੀ ਇੱਥੇ ਗੈਰਕਾਨੂੰਨੀ ਮਾਈਨਿੰਗ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਅਤੇ ਇਸ ਦਾ ਇਲਜ਼ਾਮ ਉਸ ਵੇਲੇ ਦੇ ਸ਼ਾਹਕੋਟ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਉੱਪਰ ਲੱਗਦੇ ਰਹੇ ਹਨ।
ਇਸ ਤੋਂ ਇਲਾਵਾ ਜੇ ਗੱਲ ਕਰੀਏ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਤਾਂ ਪਿਛਲੀ ਵਾਰ ਜ਼ਿਮਨੀ ਚੋਣਾਂ ਤੋਂ ਪਹਿਲੇ ਹੀ ਉਨ੍ਹਾਂ ਦਾ ਇਕ ਸਟਿੰਗ ਆਪ੍ਰੇਸ਼ਨ ਕਾਫ਼ੀ ਚਰਚਾ ਵਿੱਚ ਆਇਆ ਸੀ ਜਿਸ ਵਿੱਚ ਉਹ ਇਸ ਮਾਈਨਿੰਗ ਬਾਰੇ ਲੋਕਾਂ ਨਾਲ ਸੌਦਾ ਕਰਦੇ ਹੋਏ ਅਤੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਸਨ। ਗੈਰਕਾਨੂੰਨੀ ਮਾਈਨਿੰਗ ਦੇ ਇਸ ਮੁੱਦੇ ਉਪਰ ਵੀ ਇਸ ਇਲਾਕੇ ਦੇ ਲੋਕਾ ਦਾ ਖਾਸ ਧਿਆਨ ਰਹਿੰਦਾ ਹੈ ਕਿਉਂਕਿ ਕਿਤੇ ਨਾ ਕਿਤੇ ਇਸ ਨਾਲ ਇਸ ਵਿਧਾਨ ਸਭਾ ਹਲਕੇ ਦੇ ਕੁਝ ਇਲਾਕੇ ਪ੍ਰਭਾਵਤ ਹੁੰਦੇ ਹਨ।
ਇਹੀ ਨਹੀਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੂੰ ਗੈਰਕਾਨੂੰਨੀ ਮਾਈਨਿੰਗ ਦੇ ਚੱਲਦੇ ਆਪਣੇ ਮੰਤਰੀ ਪਦ ਤੋਂ ਅਸਤੀਫਾ ਤਕ ਦੇਣਾ ਪੈ ਗਿਆ ਸੀ ਇਸ ਇਲਾਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ।
ਇਹ ਵੀ ਪੜੋ: ਮਿਲੇਗਾ ਸੱਚਾ ਪਿਆਰ ਜਾਂ ਟੁੱਟੇਗਾ ਦਿਲ, ਜਾਣੋ ਆਪਣੀ ਰਾਸ਼ੀ ਦਾ ਪੂਰਾ ਹਾਲ
ਫਿਲਹਾਲ ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ ਵੀ ਵੀਹ ਫਰਵਰੀ ਨੂੰ ਵੋਟਾਂ ਪਾ ਕੇ ਲੋਕਾਂ ਨੇ ਆਪਣੇ ਆਪਣੇ ਉਮੀਦਵਾਰਾਂ ਦਾ ਭਵਿੱਖ ਈਵੀਐੱਮ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਸੀ, ਹੁਣ ਦੇਖਣਾ ਇਹ ਹੈ ਕਿ ਦੱਸ ਮਾਰਚ ਨੂੰ ਇਸ ਇਲਾਕੇ ਵਿੱਚ ਕੀ ਨਤੀਜੇ ਨਿਕਲਣਗੇ। ਪਰ ਜਿੱਥੇ ਤੱਕ ਆਮ ਲੋਕਾਂ ਦੀ ਗੱਲ ਹੈ ਇਸ ਇਲਾਕੇ ਵਿੱਚ ਲੋਕਾਂ ਵੱਲੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੋ ਕਿ ਕਾਂਗਰਸ ਦੇ ਉਮੀਦਵਾਰ ਹਨ ਨੂੰ ਅੰਦਰ ਹੀ ਅੰਦਰ ਆਪਣਾ ਵਿਧਾਇਕ ਵੀ ਮੰਨ ਲਿਆ ਗਿਆ ਹੈ।