ਜਲੰਧਰ: ਲਖੀਮਪੁਰ ਖ਼ੀਰੀ (Lakhimpur Khiri) ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ‘ਤੇ ਸਮੁੱਚੇ ਦੇਸ਼ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ (rail roko protest) ਦੇ ਚੱਲਦੇ ਰੇਲਵੇ ਟਰੈਕ ਨੂੰ ਜਾਮ ਕੀਤਾ ਗਿਆ ਹੈ। ਇਸੇ ਦੇ ਚੱਲਦੇ ਜਲੰਧਰ ਦੇ ਛਾਉਣੀ ਸਟੇਸ਼ਨ ਤੇ ਦਕੋਹਾ ਰੇਲਵੇ ਕਰਾਸਿੰਗ ’ਤੇ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ। ਕਿਸਾਨ ਲਖੀਮਪੁਰ ਦੀ ਘਟਨਾ ਤੋਂ ਬਾਅਦ ਕਿਸਾਨਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਲਗਾਤਾਰ ਆਪਣੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਨਿਹੰਗਾਂ ਨੇ ਕਿਸੇ ਦਾ ਕਤਲ ਕੀਤਾ ਤਾਂ ਉਸ ਨੂੰ ਸੱਤ-ਸੱਤ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ ਜਦਕਿ ਯੂਪੀ ਵਿਖੇ ਕੇਂਦਰੀ ਰਾਜ ਮੰਤਰੀ ਦੇ ਬੇਟੇ ਨੂੰ ਸਿਰਫ ਪੰਜ ਦਿਨ ਦਾ ਰਿਮਾਂਡ ਹੀ ਦਿੱਤਾ ਗਿਆ।
ਕਿਸਾਨਾਂ ਮੁਤਾਬਕ ਸਰਕਾਰ ਉਨ੍ਹਾਂ ਨਾਲ ਮਤਰੇਆ ਵਤੀਰਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਇਨਸਾਫ ਦੇ ਚੱਲਦੇ ਪ੍ਰਦਰਸ਼ਨਾਂ ਧਰਨਿਆਂ ਅਤੇ ਰੇਲ ਰੋਕਣ ਤੱਕ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਅਤੇ ਸਰਕਾਰ ਨੂੰ ਇਹ ਪਹਿਲੇ ਹੀ ਪਤਾ ਸੀ ਕਿ ਕਿਸਾਨਾਂ ਵੱਲੋਂ ਟ੍ਰੇਨਾਂ ਨੂੰ ਰੋਕਿਆ ਜਾਵੇਗਾ। ਇਸ ਤੋਂ ਬਾਅਦ ਵੀ ਲੋਕ ਖੁਦ ਘਰੋਂ ਬਾਹਰ ਨਿਕਲੇ ਅਤੇ ਸਰਕਾਰ ਵੱਲੋਂ ਵੀ ਇਸ ਦਾ ਕੋਈ ਖਾਸ ਇੰਤਜ਼ਾਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਜੇ ਕੋਈ ਲੋਕ ਰਸਤੇ ਵਿੱਚ ਫ਼ਸ ਜਾਂਦੇ ਹਨ ਤਾਂ ਉਨ੍ਹਾਂ ਲਈ ਕਿਸਾਨਾਂ ਵੱਲੋਂ ਹੀ ਲੰਗਰ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਹੈ।