ਜਲੰਧਰ: ਜ਼ਿਲ੍ਹੇ ’ਚ ਕੁਝ ਸਮੇਂ ’ਚ ਦੋ ਤਿੰਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਜਿਸ ਚ ਅੱਗ ਲੱਗਣ ਦਾ ਕਾਰਨ ਘਰੇਲੂ ਗੈਸ ਲੀਕ ਹੋਣਾ ਜਾਂ ਫਿਰ ਸਿਲੰਡਰ ਦਾ ਫਟਣਾ ਸੀ। ਅੱਗ ਦੀਆਂ ਘਟਨਾਵਾਂ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ। ਦੱਸ ਦਈਏ ਕਿ ਕਾਲੀਆ ਕਾਲੋਨੀ ਨੇੜੇ ਝੁੱਗੀਆਂ ’ਚ ਗੈਸ ਸਿਲੰਡਰ ਫੱਟਣ ਕਾਰਨ ਤਕਰੀਬਨ 22 ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ। ਪਰ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਝੁੱਗੀ ’ਚ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਇਕ ਮਹਿਲਾ ਗੈਸ ’ਤੇ ਖਾਣਾ ਬਣਾ ਰਹੀ ਸੀ ਇਸ ਦੌਰਾਨ ਅਚਾਨਕ ਸਿਲੰਡਰ ਨੇ ਅੱਗ ਫੜ ਲਈ ਜਿਸ ਕਾਰਨ ਭਿਆਨਕ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।
ਦੂਜੇ ਪਾਸੇ ਇਸ ਸਬੰਧ ’ਚ ਮਾਹਿਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਲੋਕ ਸਸਤੇ ਸਾਮਾਨ ਦੇ ਚੱਕਰ ’ਚ ਹਲਕਾ ਸਾਮਾਨ ਇਸਤੇਮਾਲ ਕਰਦੇ ਰਹਿੰਦੇ ਹਨ ਜੋ ਅੱਗ ਲੱਗਣ ਦੀਆਂ ਘਟਨਾਵਾਂ ਦਾ ਮੁੱਖ ਕਾਰਨ ਹਨ। ਮਾਹਿਰ ਮੁਤਾਬਿਕ ਲੋਕਾਂ ਨੂੰ ਸਿਲੰਡਰ ਅਤੇ ਚੁੱਲ੍ਹੇ ਦੇ ਕੋਲ ਸਫਾਈ ਰੱਖਣੀ ਚਾਹੀਦੀ ਹੈ ਚੁੱਲ੍ਹੇ ਤੋਂ ਸਿਲੰਡਰ ਤੱਕ ਜਾਣ ਵਾਲੀ ਪਾਈਪ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈ। ਨਾਲ ਹੀ ਰੈਗੂਲੇਟਰ ਨੂੰ ਬੰਦ ਜਾਂ ਚਲਾਉਣ ਵਾਸਤੇ ਖ਼ਾਸ ਚੌਕਸ ਹੋਣ ਦੀ ਲੋੜ ਹੈ।
ਇਹ ਵੀ ਪੜੋ: ਪਾਣੀ ਦੀ ਸਮੱਸਿਆ ਨੂੰ ਕੀਤਾ ਦੂਰ:ਟਿਊਬਵੈੱਲ ਦਾ ਕੀਤਾ ਉਦਘਾਟਨ
ਅੱਗ ਲੱਗਣ ਵਾਲੀਆਂ ਘਟਨਾਵਾਂ ’ਤੇ ਫਾਇਰ ਬ੍ਰਿਗੇਡ ਮਹਿਕਮੇ ਦਾ ਕਹਿਣਾ ਹੈ ਕਿ ਜੇਕਰ ਕਿਤੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਦੀ ਟੀਮ ਉਸ ’ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਰਹਿੰਦੀ ਹੈ। ਉਨ੍ਹਾਂ ਮੁਤਾਬਿਕ ਜਲੰਧਰ ਜ਼ਿਲ੍ਹੇ ਵਿੱਚ ਫਾਇਰ ਬ੍ਰਿਗੇਡ ਮਹਿਕਮੇ ਕੋਲ ਕਰੀਬ 12 ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਦੋ ਮੋਟਰਸਾਈਕਲ, ਤਿੰਨ ਜੀਪਾਂ ਅਤੇ ਕਰੀਬ 80-85 ਬੰਦਿਆਂ ਦਾ ਸਟਾਫ ਮੌਜੂਦ ਹੈ।