ਜਲੰਧਰ: ਅੰਮ੍ਰਿਤਸਰ-ਹਾਈਵੇ 'ਤੇ ਟਰੱਕ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਹਾਈਵੇ ਉੱਤੇ ਟਰੱਕ ਨੇ ਰਾਹ ਜਾਂਦੀ ਕਾਰ ਨੂੰ ਪਿਛੋਂ ਦੀ ਟਕੱਰ ਮਾਰ ਦਿੱਤੀ ਸੀ ਜਿਸ ਨਾਲ ਟਰੱਕ ਤੇ ਕਾਰ ਦੋਵੇਂ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੇ ਗਏ।
ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਕਿਹਾ ਕਿ ਕਾਰ ਚਾਲਕ ਮੈਡੀਕਲ ਦਾ ਪ੍ਰੋਫੈਸਰ ਹੈ ਜੋ ਕਿ ਅੰਮ੍ਰਿਤਸਰ ਤੋਂ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਰ ਚਾਲਕ ਲੰਮੇ ਪਿੰਡ ਚੌਕ ਦੇ ਪੁੱਲ ਤੋਂ ਅਗਲੇ ਬੰਨੇ ਨੂੰ ਜਾ ਰਿਹਾ ਸੀ ਕਿ ਪਿਛੋਂ ਆ ਰਹੇ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਤੇ ਟਰੱਕ ਦੋਵੇਂ ਡਿਵਾਈਡਰ ਟੱਪ ਗਏ। ਹਾਦਸਾ ਵਾਪਰਨ ਕਾਰਨ ਅੰਮ੍ਰਿਤਸਰ ਹਾਈਵੇ ਦੇ ਫਲਾਈਓਵਰ ਉੱਤੇ ਲੰਮਾ ਜਾਮ ਲੱਗ ਗਿਆ ਜਿਸ ਨੂੰ ਮੌਕੇ 'ਤੇ ਪੁੱਜੀ ਪੁਲਿਸ ਨੇ ਸੁਚਾਰੂ ਢੰਗ ਨਾਲ ਹਲ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਚਾਲਕ ਨੂੰ ਕੁਝ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਨਾਲ ਕਾਰ ਚਕਨਾਚੂਰ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰੁੱਖ ਲਗਾਓ ਮੁਹਿੰਮ ਤਹਿਤ ਅਮਲੋਹ ਵਿੱਚ ਲਾਏ ਗਏ ਬੂਟੇ