ਜਲੰਧਰ: ਜਲੰਧਰ ਦੇ ਫਿਲੌਰ ਇਲਾਕੇ ਦੇ ਪਿੰਡ ਗੰਨਾਂ ਵਿੱਚ ਇਕ ਮਹਿਲਾ ਦੀ ਨਸ਼ਾ ਵੇਚਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਤੇ ਐਕਸ਼ਨ ਲੈਂਦੇ ਮਹਿਲਾ ਨੂੰ 25 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਐੱਸ. ਐੱਸ. ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਸਮਾਜ ਸੇਵੀ ਸੰਸਥਾ ਦੇ ਲੋਕਾਂ ਵੱਲੋਂ ਇਕ ਵੀਡੀਓ ਭੇਜੀ ਗਈ ਸੀ। ਜਿਸ ਵਿੱਚ ਫਿਲੌਰ ਇਲਾਕੇ ਦੇ ਗੰਨਾ ਪਿੰਡ ਦੀ ਇੱਕ ਮਹਿਲਾ ਨਸ਼ਾ ਵੇਚ ਕੇ ਉਸ ਦੇ ਪੈਸੇ ਲੈਂਦੀ ਹੋਈ ਨਜ਼ਰ ਆ ਰਹੀ ਸੀ।
25 ਗ੍ਰਾਮ ਹੈਰੋਇਨ ਵੀ ਕੀਤੀ ਗਈ ਬਰਾਮਦ: ਵੀਡੀਓ ਦੇਖਣ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਫਿਲੌਰ ਥਾਣੇ ਦੀ ਪੁਲਿਸ ਵੱਲੋਂ ਇਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਕੋਲੋਂ 25 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਐਸ.ਐਸ.ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮਹਿਲਾ ਦਾ ਪਤੀ ਜੋ ਕਿ ਟੈਕਸੀ ਚਲਾਉਂਦਾ ਹੈ, ਪੁਲਿਸ ਨੇ ਉਸ 'ਤੇ ਨਸ਼ਾ ਵੇਚਣ ਦਾ ਇੱਕ ਮਾਮਲਾ ਦਰਜ ਹੈ।
ਸਹੁਰੇ ਉੱਪਰ ਨਸ਼ਾ ਵੇਚਣ ਦੇ 13 ਮਾਮਲੇ ਦਰਜ: ਮਹਿਲਾ ਦੀ ਸੱਸ ਉਪਰ ਵੀ ਇੱਕ ਮਾਮਲਾ ਦਰਜ ਹੈ ਜਦਕਿ, ਮਹਿਲਾ ਦੇ ਸਹੁਰੇ ਉੱਪਰ ਨਸ਼ਾ ਵੇਚਣ ਦੇ 13 ਮਾਮਲੇ ਦਰਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਦਾ ਸਹੁਰਾ ਇਨ੍ਹਾਂ ਵਿੱਚੋਂ ਹੀ ਇੱਕ ਮਾਮਲੇ ਦੇ ਚਲਦੇ ਜੇਲ੍ਹ ਵਿੱਚ ਬੰਦ ਸੀ ਅਤੇ ਪੈਰੋਲ ਤੇ ਬਾਹਰ ਆਇਆ ਹੋਇਆ ਸੀ, ਜਿਸ ਨੂੰ ਦੁਬਾਰਾ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ।
ਪਰਿਵਾਰ ਦੀ ਪ੍ਰਾਪਰਟੀ ਕਰ ਦਿੱਤੀ ਜਾਵੇਗੀ ਅਟੈਚ: ਐੱਸ. ਐੱਸ. ਪੀ ਸਵਪਨ ਸ਼ਰਮਾ ਦੇ ਮੁਤਾਬਿਕ ਇਹ ਪੂਰਾ ਪਰਿਵਾਰ ਨਸ਼ੇ ਦੇ ਵਪਾਰ ਵਿੱਚ ਲਿਪਤ ਹੋ ਕੇ ਲੋਕਾਂ ਨੂੰ ਨਸ਼ਾ ਸਪਲਾਈ ਕਰ ਉਨ੍ਹਾਂ ਦੇ ਘਰ ਉਜਾੜਨ ਤੇ ਲੱਗਿਆ ਹੋਇਆ ਸੀ, ਹੁਣ ਇਸ ਪੂਰੇ ਪਰਿਵਾਰ ਤੇ ਕਾਰਵਾਈ ਕਰਦੇ ਹੋਏ ਇਸ ਪਰਿਵਾਰ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਵੇਗੀ।
ਇਸ ਨਾਲ ਹੀ ਇਹ ਵੀ ਦੱਸ ਦੇਈਏ ਕਿ ਇਹ ਉਹੀ ਪਿੰਡ ਹੈ ਜਿਸ ਪਿੰਡ ਨੂੰ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਨੇ ਗੋਦ ਲਿਆ ਹੋਇਆ ਹੈ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ