ਜਲੰਧਰ: ਸੂਬਾ ਸਰਕਾਰ ਵੱਲੋਂ ਡ੍ਰੈਗਨ ਡੋਰ ਉੱਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਇਹ ਡੋਰ ਬਜ਼ਾਰਾਂ ਵਿੱਚ ਦੁਕਾਨਾਂ ਉੱਤੇ ਆਮ ਹੀ ਵਿਕ ਰਹੀ ਹੈ ਜਿਸ ਦੀ ਲਪੇਟ ਵਿੱਚ ਆ ਕੇ ਕਈ ਪੰਛੀਆਂ ਦੀ ਜਾਨ ਵੀ ਜਾ ਚੁੱਕੀ ਹੈ ਅਤੇ ਪ੍ਰਸ਼ਾਸਨ ਅਜੇ ਤੱਕ ਸੁੱਤਾ ਪਿਆ ਹੈ।
ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਭਗਤ ਸਿੰਘ ਚੌਂਕ ਨੇੜੇ ਇੱਕ ਪੰਛੀ ਡ੍ਰੈਗਨ ਡੋਰ ਵਿੱਚ ਫਸ ਗਿਆ। ਇਸ ਦੀ ਸੂਚਨਾਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਕਾਫ਼ੀ ਮੁਸ਼ੱਕਤ ਕਰਕੇ ਪੰਛੀ ਨੂੰ ਬਚਾਇਆ ਗਿਆ।
ਐਨੀਮਲ ਫਾਊਂਡੇਸ਼ਨ ਦੀ ਮੈਂਬਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਅਪਰੇਸ਼ਨ ਵਿੱਚ ਕਈ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਪੰਛੀ ਨੂੰ ਬਚਾਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਬਿੱਟੂ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ ਕਿ ਭਗਤ ਸਿੰਘ ਚੌਂਕ ਨੇੜੇ ਇੱਕ ਰੁੱਖ ਵਿੱਚ ਪੰਛੀ ਫਸਿਆ ਹੋਇਆ ਹੈ, ਉਨ੍ਹਾਂ ਮੌਕੇ ਉੱਤੇ ਪਹੁੰਚ ਕੇ ਕੜੀ ਮੁਸ਼ੱਕਤ ਤੋਂ ਬਾਅਦ ਪੰਛੀ ਨੂੰ ਆਜ਼ਾਦ ਕਰਵਾਇਆ।