ਜਲੰਧਰ:ਪੰਜਾਬ ਵਿੱਚ ਇੱਕ ਪਾਸੇ ਜਿੱਥੇ ਬਿਜਲੀ ਉੱਪਰ ਖ਼ੂਬ ਰਾਜਨੀਤੀ ਹੋ ਰਹੀ ਹੈ, ਤੇ ਰਾਜਨੀਤੀਕ ਪਾਰਟੀਆਂ ਇੱਕ ਦੂਸਰੇ ਨੂੰ ਪਿੱਛੇ ਛੱਡ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਵੱਖਰੇ-ਵੱਖਰੇ ਵਾਅਦੇ ਕਰ ਰਹੀਆਂ ਹਨ। ਦੂਸਰੇ ਪਾਸੇ ਪੰਜਾਬ ਵਿੱਚ ਕਈ-ਕਈ ਘੰਟੇ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਲੋਕ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਬਿਜਲੀ ਤੋਂ ਕਿਸਾਨ, ਉਦਯੋਗਪਤੀ ਹਰ ਵਰਗ ਪ੍ਰੇਸ਼ਾਨ ਹੈ। ਉਥੇ ਹੀ ਘਰਾਂ ਵਿੱਚ ਬੈਠੀਆਂ ਮਹਿਲਾਵਾਂ ਤੇ ਬੱਚਿਆਂ ‘ਤੇ ਵੀ ਇਸ ਦਾ ਅਸਰ ਪੈ ਰਿਹਾ ਹੈ।
ਕੋਰੋਨਾ ਕਰਕੇ ਬੰਦ ਹੋਏ ਸਕੂਲ ਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚੇ ਜੋ ਅੱਜ ਕੱਲ੍ਹ ਆਨਲਾਈਨ ਪੜ੍ਹਾਈ (Online study) ਕਰ ਰਹੇ ਹਨ। ਉਹ ਬਿਜਲੀ ਦੇ ਕੱਟਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ, ਕਿ ਇੱਕ ਤਾਂ ਪਹਿਲੀ ਹੀ ਅੱਤ ਦੀ ਗਰਮੀ ਹੋਣ ਕਰਕੇ ਉਹ ਪ੍ਰੇਸ਼ਾਨ ਹਨ, ਦੂਜੇ ਪਾਸੇ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਕਰਕੇ ਉਨ੍ਹਾਂ ਦੀ ਪੜ੍ਹਾਈ ਨਹੀਂ ਹੋ ਪਾ ਰਹੀ। ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਜਿਸ ਕਰਕੇ ਉਨ੍ਹਾਂ ਦਾ ਭਵਿੱਖ ਖ਼ਤਰੇ ਵਿੱਚ ਜਾਪਦਾ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ, ਕਿ ਇੱਕ ਪਾਸੇ ਜਿੱਥੇ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਦੇ ਇਮਤਿਹਾਨ ਦੀ ਡੇਟਸ਼ੀਟ ਆਉਣ ਵਾਲੀ ਹੈ, ਉਧਰ ਦੂਸਰੇ ਪਾਸੇ ਲਗਾਤਾਰ ਲੱਗ ਰਹੇ ਕੱਟਾਂ ਕਰਕੇ ਉਹ ਆਪਣੇ ਪੇਪਰਾਂ ਦੀ ਤਿਆਰੀ ਨਹੀਂ ਕਰ ਪਾ ਰਹੇ।
ਦੂਜੇ ਪਾਸੇ ਔਰਤਾਂ ਨੇ ਵੀ ਪੰਜਾਬ ਸਰਕਾਰ ‘ਤੇ ਜਮ ਕੇ ਨਿਸ਼ਾਨੇ ਸਾਧੇ, ਕਿਹਾ ਪੰਜਾਬ ਸਰਕਾਰ ਜੇਕਰ ਘਰ-ਘਰ ਨੌਕਰੀਆਂ ਜਾ ਫਿਰ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਵਾਲੇ ਵਾਅਦੇ ਪੂਰੇ ਨਹੀਂ ਕਰ ਸਕਦੀ, ਪਰ ਪੰਜਾਬ ਵਿੱਚ ਬਿਜਲੀ ਤਾਂ ਦੇ ਹੀ ਸਕਦੀ ਹੈ। ਉਨ੍ਹਾਂ ਨੇ ਕਿਹਾ, ਕਿ ਦਿਨ ਭਰ ਕੰਮ ਕਰਕੇ ਉਹ ਆਪਣੇ ਘਰ ਵਿੱਚ ਪੱਖਾ ਲਗਾਕੇ ਵੀ ਨਹੀਂ ਬੈਠ ਸਕਦੀਆ।