ਬਠਿੰਡਾ: ਬੀਤੇ ਦਿਨੀਂ ਪਿੰਡ ਦਾਨ ਸਿੰਘ ਵਾਲਾ ਦੀ ਵਿੱਚ ਅੱਠ ਘਰਾਂ ਨੂੰ ਅੱਗ ਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਨੇ 24 ਘੰਟਿਆਂ ਵਿੱਚ ਹੀ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਸੱਤ ਮੁਲਜ਼ਮਾਂ ਉੱਤੇ ਬਾਏ ਨੇਮ ਅਤੇ 25 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਮੁਲਜ਼ਮਾਂ ਖਿਲਾਫ਼ ਹੋਵੇਗੀ ਕਾਰਵਾਈ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁੁਲਿਸ ਅਧਿਕਾਰੀ ਨੇ ਦੱਸਿਆ ਕਿ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੀ ਬਾਬਾ ਜੀਵਨ ਸਿੰਘ ਬਸਤੀ ਵਿੱਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਅੱਠ ਘਰਾਂ ਨੂੰ ਅੱਗ ਲਗਾਈ ਗਈ ਸੀ। ਪੁਲਿਸ ਮੁਤਾਬਿਕ ਅੱਗ ਲਗਾਉਣ ਵਾਲਾ ਕੋਈ ਹੋਰ ਨਹੀਂ ਸਗੋਂ ਪੀੜਤ ਪਰਿਵਾਰ ਦਾ ਰਿਸ਼ਤੇਦਾਰ ਹੀ ਸੀ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਪੀੜਤ ਜਸਪ੍ਰੀਤ ਸਿੰਘ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੇੇ ਬਿਆਨਾਂ ਦੇ ਆਧਾਰ 'ਤੇ ਹਰਵਿੰਦਰ ਸਿੰਘ, ਧਰਮਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਤਪਾਲ ਸਿੰਘ, ਜੀਵਨ ਸਿੰਘ, ਹੈਪੀ ਸਿੰਘ, ਰੇਸ਼ਮ ਸਿੰਘ ਸਣੇ 25 ਅਣਪਛਾਤੇ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪਰਿਵਾਰ ਨੇ ਪਹਿਲਾਂ ਵੀ ਮੁਲਜ਼ਮ ਦੀਆਂ ਤੋੜੀਆਂ ਸੀ ਲੱਤਾਂ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਨਿੱਜੀ ਰੰਜਿਸ਼ ਦੇ ਚੱਲਦਿਆਂ ਵਾਪਰੀ ਹੈ। ਪਿਛਲੇ ਸਾਲ ਪਰਿਵਾਰ ਵੱਲੋਂ ਨਸ਼ੇ ਨੂੰ ਲੈਕੇ ਹੀ ਉਕਤ ਮੁਲਜ਼ਮ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਵਿੱਚ ਉਸ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਸੀ। ਇਸ ਦਾ ਬਦਲਾ ਲੈਣ ਲਈ ਮੁਲਜ਼ਮ ਹਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਅਸੀਂ ਕਿਸੇ ਵੀ ਹਾਲ 'ਚ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਾਂਗੇ।
ਸਮਾਨ ਦੀ ਕੀਤੀ ਗਈ ਲੁੱਟ
ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਾ ਤਸਕਰ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਚਾਰ-ਪੰਜ ਦਿਨ ਆਪਸੀ ਤਕਰਾਰਬਾਜ਼ੀ ਚੱਲਦੀ ਰਹੀ। ਹੁਣ ਨਸ਼ਾ ਤਸਕਰ ਵੱਲੋਂ 50 ਤੋਂ 60 ਗੁੰਡਿਆਂ ਨੂੰ ਲਿਆ ਕੇ ਬਸਤੀ ਦੇ ਕਰੀਬ ਅੱਠ ਘਰਾਂ ਉੱਤੇ ਹਮਲਾ ਕੀਤਾ ਗਿਆ। ਹਮਲਾ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਪੈਟਰੋਲ ਬੰਬਾਂ ਦੀ ਵਰਤੋਂ ਕਰਦੇ ਹੋਏ ਘਰ ਦੇ ਕੀਮਤੀ ਸਮਾਨ ਨੂੰ ਅੱਗ ਲਗਾ ਦਿੱਤੀ ਗਈ ਅਤੇ ਘਰਾਂ ਵਿੱਚ ਪਿਆ ਸਮਾਨ ਲੁੱਟ ਲਿਆ ਗਿਆ।
- ਸੋਨੂੰ ਸੂਦ ਦੇ ਜੱਦੀ ਸ਼ਹਿਰ ਮੋਗਾ 'ਚ ਫਿਲਮ 'ਫਤਿਹ' ਨੂੰ ਲੈ ਕੇ ਵੱਖਰਾ ਜੋਸ਼, ਟ੍ਰੈਕਟਰ ਟਰਾਲੀਆਂ ਭਰ-ਭਰ ਕੇ ਸਿਨੇਮਾਘਰ ਪਹੁੰਚੇ ਲੋਕ
- ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਹੋਣ 'ਤੇ ਬੋਲੇ ਜਥੇਦਾਰ, ਕਿਹਾ- ਇੰਨ-ਬਿੰਨ ਲਾਗੂ ਹੋਣ ਹੁਕਮ, 7 ਮੈਂਬਰੀ ਕਮੇਟੀ 'ਤੇ ਵੀ ਦਿੱਤਾ ਖੁੱਲ੍ਹ ਕੇ ਬਿਆਨ
- ਗੁਰੂ ਨਗਰੀ 'ਚ ਦਿਨ ਦਿਹਾੜੇ ਚੱਲੀ ਗੋਲੀ, ਸੋਨੇ ਦੇ ਭਾਅ ਨੂੰ ਲੈਕੇ ਹੋਈ ਬਹਿਸ ਤੋਂ ਬਾਅਦ ਸੁਨਿਆਰ ਦਾ ਕੀਤਾ ਕਤਲ
ਪੰਚਾਇਤ ਵੱਲੋਂ ਮਤਾ ਪਾਸ
ਇਸ ਘਟਨਾ ਤੋਂ ਬਾਅਦ ਜਦੋਂ ਪਿੰਡ ਦੇ ਸਰਪੰਚ ਬੰਤਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕਈ ਦਿਨਾਂ ਦਾ ਝਗੜਾ ਚੱਲ ਰਿਹਾ ਸੀ। ਪੰਚਾਇਤ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇੱਕ ਧਿਰ ਵੱਲੋਂ ਪਹਿਲਾਂ ਹਮਲਾ ਕੀਤਾ ਗਿਆ, ਫਿਰ ਦੂਸਰੀ ਧਿਰ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੁਲਾ ਕੇ ਅੱਠ ਘਰਾਂ ਉੱਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਦਹਿਸ਼ਤ ਦਾ ਮਹੌਲ ਹੈ ਅਤੇ ਪੰਚਾਇਤ ਵੱਲੋਂ ਹੁਣ ਫੈਸਲਾ ਕੀਤਾ ਗਿਆ ਹੈ ਕਿ ਇਸ ਘਟਨਾਕ੍ਰਮ ਵਿੱਚ ਸ਼ਾਮਿਲ ਲੋਕਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪੰਚਾਇਤ ਵੱਲੋਂ ਬਕਾਇਦਾ ਇੱਕ ਮਤਾ ਪਾਸ ਕੀਤਾ ਜਾਵੇਗਾ।