ਲੁਧਿਆਣਾ: ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਵਿਸ਼ਵਾਸ ਬੱਸੀ ਨੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਭਰ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੇਵੀਐਮ ਸਕੂਲ ਨੇੜੇ ਸ਼ਮਸ਼ਾਨਘਾਟ ਪੁੱਜੇ।
‘ਨਾ ਪੂਰਾ ਹੋਣ ਵਾਲਾ ਘਾਟਾ’
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ ਨਾ ਸਿਰਫ ਉਹਨਾਂ ਦੇ ਪਰਿਵਾਰ ਨੂੰ ਹੋਇਆ ਹੈ, ਸਗੋਂ ਪੰਜਾਬ ਸਰਕਾਰ ਨੂੰ ਹੋਇਆ ਹੈ। ਗੁਰਪ੍ਰੀਤ ਗੋਗੀ ਜਦੋਂ ਵੀ ਲੁਧਿਆਣਾ ਤੋਂ ਚੰਡੀਗੜ੍ਹ ਉਹਨਾਂ ਦੇ ਕੋਲ ਆਉਂਦੇ ਸਨ ਤਾਂ ਹਮੇਸ਼ਾ ਹੀ ਕੰਮ ਦੀ ਗੱਲ ਕਰਨ ਲਈ ਆਉਂਦੇ ਸਨ ਕੰਮਾਂ ਦਾ ਵੇਰਵਾ ਦੇਣ ਲਈ ਆਉਂਦੇ ਸਨ। ਸੀਐਮ ਮਾਨ ਨੇ ਕਿਹਾ ਕਿ ਉਹਨਾਂ ਦੇ ਸਾਰਿਆਂ ਨਾਲ ਚੰਗੇ ਸਬੰਧ ਸਨ, ਇਸੇ ਕਰਕੇ ਅੱਜ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਹਨ। ਜੋ ਇਸ ਗੱਲ ਦਾ ਸਬੂਤ ਦਿੰਦੇ ਹਨ।
ਖੁਦ ਤੋੜ ਦਿੱਤਾ ਸੀ ਆਪਣਾ ਰੱਖਿਆ ਨੀਂਹ ਪੱਥਰ
ਦੱਸ ਦਈਏ ਕਿ ਬੁੱਢੇ ਨਾਲੇ ਦਾ ਕੰਮ ਪੂਰਾ ਨਾ ਹੋਣ ਕਰਕੇ ਵਿਧਾਇਕ ਗੋਗੀ ਨੇ ਖੁਦ ਆਪਣੇ ਵੱਲੋਂ ਹੀ ਰੱਖਿਆ ਨੀਂਹ ਪੱਥਰ ਤੋੜ ਦਿੱਤਾ ਸੀ। ਇਸ ਸਬੰਧੀ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਸਾਫ਼ ਸੀ, ਜਿਸ ਕਾਰਨ ਉਹਨਾਂ ਨੇ ਅਜਿਹਾ ਕੀਤਾ। ਉਹਨਾਂ ਨੇ ਕਿਹਾ ਕਿ ਬੁੱਢਾ ਨਾਲਾ ਸਾਫ ਜਰੂਰ ਹੋਵੇਗਾ, ਜਿਸ ਦਾ ਕੰਮ ਹੁਣ ਜ਼ੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ। ਗੁਰਪ੍ਰੀਤ ਗੋਗੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਸਿਆਸੀ ਅਤੇ ਧਾਰਮਿਕ ਸ਼ਖਸ਼ੀਅਤਾਂ ਪਹੁੰਚਦੀਆਂ ਰਹੀਆਂ। ਪੰਜਾਬ ਦੇ ਗਵਰਨਰ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਦੇਰ ਰਾਤ ਹੋਇਆ ਸੀ ਦਿਹਾਂਤ
ਵਿਧਾਇਕ ਗੁਰਪ੍ਰੀਤ ਗੋਗੀ ਦੀ ਆਪਣੇ ਘਰ ਦੇ ਵਿੱਚ ਹੀ ਦੇਰ ਰਾਤ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ। ਹਾਲਾਂਕਿ ਪੁਲਿਸ ਨੇ ਇਸ ਨੂੰ ਹਾਦਸਾ ਦੱਸਿਆ ਕਿਹਾ ਕਿ ਉਹ ਆਪਣੀ ਲਾਇਸੰਸੀ ਰਿਵਾਲਵਰ ਸਾਫ ਕਰ ਰਹੇ ਸਨ ਜਦੋਂ ਇਹ ਹਾਦਸਾ ਹੋਇਆ।
ਡੀਸੀਪੀ ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ। ਨੌਕਰ ਨੇ ਦੱਸਿਆ ਕਿ ਹਥਿਆਰ ਤੋਂ ਇੱਕ ਹੀ ਫਾਇਰ ਹੋਇਆ ਸੀ। ਵਿਧਾਇਕ ਦੀ ਮੌਤ ਕਿਨ੍ਹਾਂ ਹਾਲਾਤਾਂ 'ਚ ਹੋਈ, ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਡਿਪਰੈਸ਼ਨ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਡੀਐਮਸੀ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਵੱਲੋਂ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਸੂਤਰਾਂ ਮੁਤਾਬਕ ਗੋਲੀ ਗੋਗੀ ਦੇ ਸੱਜੇ ਪਾਸੇ ਤੋਂ ਵੜ ਕੇ ਖੱਬੇ ਪਾਸੇ ਤੋਂ ਬਾਹਰ ਨਿਕਲ ਗਈ।
- 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਣ ਭੇਦਭਰੇ ਹਲਾਤਾਂ 'ਚ ਹੋਈ ਮੌਤ, ਲੁਧਿਆਣਾ ਪੱਛਮੀ ਤੋਂ ਸਨ MLA
- ਜਾਣੋ, ਗੁਰਪ੍ਰੀਤ ਗੋਗੀ ਕਿਵੇਂ ਬਣੇ ਕਾਂਗਰਸੀ ਕੌਂਸਲਰ ਤੋਂ ਆਪ ਐਮਐਲਏ, ਗੋਗੀ ਨੂੰ ਆਪਣਾ ਲੱਕੀ ਸਕੂਟਰ ਸੀ ਬੇਹੱਦ ਪਿਆਰਾ
- ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਹੋਣ 'ਤੇ ਬੋਲੇ ਜਥੇਦਾਰ, ਕਿਹਾ- ਇੰਨ-ਬਿੰਨ ਲਾਗੂ ਹੋਣ ਹੁਕਮ, 7 ਮੈਂਬਰੀ ਕਮੇਟੀ 'ਤੇ ਵੀ ਦਿੱਤਾ ਖੁੱਲ੍ਹ ਕੇ ਬਿਆਨ