ਜਲੰਧਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਤਨਾਤਪੁਰ ਲੋਧੀ ਵਿੱਚ ਲਗੇ ਲੰਗਰ ਅਤੇ ਟੈਂਟ ਹਾਊਸ ਦਾ ਪਾਣੀ ਪਵਿੱਤਰ ਵੇਈਂ ਵਿੱਚ ਜਾਣ ਨੂੰ ਲੈ ਕੇ ਸੰਤ ਸੀਚੇਵਾਲ ਨੇ ਸਰਕਾਰ ਦੀ ਸਾੜੀ ਕਾਰਗੁਜ਼ਾਰੀ ਵਿਰੁੱਧ ਨਾਰਾਜ਼ਗੀ ਪ੍ਰਗਟਾਈ ਹੈ। ਸਰਕਾਰ ਵੱਲੋਂ ਬਦ-ਇੰਤਜ਼ਾਮੀ ਦੇ ਚੱਲਦਿਆਂ ਸੰਤ ਸੀਚੇਵਾਲ ਨੇ ਸਨਮਾਨ ਸਮਾਰੋਹ ਵਿੱਚ ਵੀ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਪਵਿੱਤਰ ਵੇਈਂ ਦਾ ਸਨਮਾਨ ਨਹੀਂ ਕਰਦੀ ਉਨ੍ਹਾਂ ਤੋਂ ਉਹ ਖ਼ੁਦ ਸਨਮਾਨ ਨਹੀਂ ਲੈਣਾ ਚਾਹੁੰਦੇ।
ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਣੀ ਸੀ ਉਸ ਵੇਲੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਲੱਗਣ ਵਾਲੇ ਲੰਗਰ ਅਤੇ ਟੈਂਟ ਹਾਊਸ ਦੇ ਪਾਣੀ ਦੇ ਮਸਲੇ ਨੂੰ ਖ਼ੁਦ ਹੀ ਠੇਕੇਦਾਰ ਹੱਲ ਕਰਨਗੇ ਅਤੇ ਕਿਸੇ ਵੀ ਤਰੀਕੇ ਦਾ ਪਾਣੀ ਵੇਈਂ ਵਿੱਚ ਨਹੀਂ ਪਾਇਆ ਜਾਏਗਾ, ਪਰ ਹੁਣ ਇਹ ਪਾਣੀ ਵੇਈਂ ਵਿੱਚ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਪਵਿੱਤਰ ਵੇਈਂ ਦਾ ਸਨਮਾਨ ਨਹੀਂ ਕਰਦੀ ਤਾਂ ਉਹ ਵੀ ਉਨ੍ਹਾਂ ਤੋਂ ਕੋਈ ਸਨਮਾਨ ਨਹੀਂ ਲੈਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਕੁੱਝ ਸਮੇਂ ਪਹਿਲਾ ਹੀ ਸੀਚੇਵਾਲ ਨੇ ਕਿਹਾ ਸੀ ਕਿ ਵੇਈਂ ਦੀ ਸਫਾਈ ਤਕਰੀਬਨ ਪੂਰੀ ਹੋ ਚੁੱਕੀ ਹੈ ਪਰ ਹੁਣ ਸਰਕਾਰ ਦੀ ਬਦਇੰਤਜ਼ਾਮੀ ਦੇ ਚੱਲਦੇ ਵੇਈਂ ਇੱਕ ਵਾਰ ਫਿਰ ਦੂਸ਼ਿਤ ਹੋਈ ਹੈ।