ਜਲੰਧਰ: ਇੱਕ ਪਾਸੇ ਪੰਜਾਬ ਵਿੱਚ ਪ੍ਰਸ਼ਾਸਨ ਕੋਰੋਨਾ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕਣਕ ਦੀਆਂ ਖਰੀਦ ਏਜੰਸੀਆਂ ਜ਼ੋਰਾਂ ਸ਼ੋਰਾਂ ਨਾਲ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ। ਜਲੰਧਰ ਵਿੱਚ ਅੱਜ ਪਨਸਪ ਦੇ ਚੇਅਰਮੈਨ ਤਜਿੰਦਰ ਬਿੱਟੂ ਨੇ ਜਲੰਧਰ ਵਿਖੇ ਆਪਣੇ ਦਫ਼ਤਰ ਤੋਂ ਪੰਜਾਬ ਵਿੱਚ ਪਨਸਪ ਦੇ ਹਰ ਜ਼ਿਲ੍ਹੇ ਦੇ ਡੀਐਮ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕੀਤੀ।
ਇਸ ਦੌਰਾਨ ਪੰਜਾਬ ਦੇ ਸਾਰੇ ਡੀਐਮ ਨੂੰ ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਦੀਆਂ ਖਰੀਦ ਨੂੰ ਲੈ ਕੇ ਸਲਾਹਾਂ ਉੱਤੇ ਵੀ ਗੌਰ ਕੀਤਾ ਗਿਆ। ਤਜਿੰਦਰ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਇੱਕ ਵੱਡੀ ਖਰੀਦ ਪਨਸਪ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਲਈ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਲੈ ਕੇ ਹਰ ਸ਼ਹਿਰ ਦੇ ਡੀਐਮ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਆਪਣੀ ਕਣਕ ਨੂੰ ਵੇਚਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਤਜਿੰਦਰ ਬਿੱਟੂ ਨੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਹੁਣ ਕਣਕ ਦੀ ਖ਼ਰੀਦ ਲਈ ਹਰ ਤਿੰਨ ਪਿੰਡਾਂ ਲਈ ਇੱਕ ਸੈਂਟਰ ਬਣਾਇਆ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਕਿਹਾ ਕਿ ਇਸ ਬਾਬਤ ਪਨਸਪ ਦੇ ਮੁਲਾਜ਼ਮਾਂ ਨੂੰ ਕੋਰੋਨਾ ਤੋਂ ਬਚਾਓ ਲਈ ਹਰ ਸੁਵਿਧਾ ਦਿੱਤੀ ਗਈ ਹੈ ਤਾਂ ਕਿ ਪੰਜਾਬ ਵਿੱਚ ਪਨਸਪ ਦੇ ਮੁਲਾਜ਼ਮ ਕਣਕ ਦੀ ਖਰੀਦ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕਣ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਨਸਪ ਦੇ ਹਰ ਮੁਲਾਜ਼ਮ ਦਾ 50 ਲੱਖ ਦਾ ਜੀਵਨ ਬੀਮਾ ਅਤੇ ਦੋ ਲੱਖ ਦਾ ਮੈਡੀਕਲ ਬੀਮਾ ਕਰਵਾਇਆ ਗਿਆ ਹੈ ਤਾਂ ਕਿ ਕਿਸੇ ਮੁਲਾਜ਼ਮ ਨਾਲ ਕੋਈ ਘਟਨਾ ਹੁੰਦੀ ਹੈ ਤਾਂ ਉਸ ਦਾ ਪਰਿਵਾਰ ਪਿੱਛੋਂ ਕਿਸੇ ਆਰਥਿਕ ਤੰਗੀ ਵਿੱਚ ਨਾ ਰਹੇ। ਫਿਲਹਾਲ ਉਨ੍ਹਾਂ ਨੇ ਮੀਟਿੰਗ ਵਿੱਚ ਸਾਰਿਆਂ ਦੀ ਚੰਗੀ ਸਿਹਤ ਦੀ ਅਰਦਾਸ ਕਰਦੇ ਹੋਏ ਵਧੀਆ ਢੰਗ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।