ਜਲੰਧਰ: ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਇਕ ਐਸੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਨਾ ਸਿਰਫ ਨਸ਼ੇ ਦਾ ਧੰਦਾ ਕਰਦਾ ਸੀ ਬਲਕਿ ਇਸ ਦੇ ਤਾਰ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਨਾਲ ਵੀ ਜੁੜੇ ਹੋਏ ਸਨ। ਇਸ ਗਿਰੋਹ ਦੇ ਦੋ ਸਾਥੀ ਸਿਪਾਹੀ ਹਰਪ੍ਰੀਤ ਸਿੰਘ ਅਤੇ ਫੌਜ ਵਿਚ ਕਲਰਕ ਗੁਰਭੇਜ ਸਿੰਘ ਜੋ ਕਿ ਫੌਜੀ ਜਵਾਨ ਹਨ ਉਨ੍ਹਾਂ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਨ੍ਹਾਂ ਉੱਪਰ ਇਲਜ਼ਾਮ ਹੈ ਕਿ ਇਹ ਲੋਕ ਪਾਕਿਸਤਾਨੀ ਸੀਕਰੇਟ ਏਜੰਸੀ ਆਈ ਐਸ ਆਈ ਨੂੰ ਆਪਣੇ ਦੇਸ਼ ਅਤੇ ਫੌਜ ਦੇ ਖੁਫੀਆ ਦਸਤਾਵੇਜ਼ ਮੁਹੱਈਆ ਕਰਾਉਂਦੇ ਸੀ ਜਿਸ ਦੇ ਬਦਲੇ ਇਨ੍ਹਾਂ ਨੂੰ ਪੈਸੇ ਮਿਲਦੇ ਸਨ। ਪੁਲਿਸ ਮੁਤਾਬਕ ਪਿਛਲੇ ਚਾਰ ਮਹੀਨਿਆਂ ਵਿੱਚ ਇਹ ਤਕਰੀਬਨ 900 ਤੋਂ ਵੱਧ ਜ਼ਰੂਰੀ ਦਸਤਾਵੇਜ਼ ਪਾਕਿਸਤਾਨੀ ਖੂਫੀਆ ਏਜੰਸੀ ਆਈ ਐਸ ਆਈ ਨੂੰ ਦੇ ਚੁੱਕੇ ਹਨ।
ਜਲੰਧਰ ਦੇ ਐਸ ਐਸ ਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੇ 24 ਮਈ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਪਿੰਡ ਚੀਚਾ ਦੇ ਰਹਿਣ ਵਾਲੇ ਰਣਵੀਰ ਸਿੰਘ ਅਤੇ ਗੋਪੀ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਜਦ ਆਪਣੀ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਰਣਵੀਰ ਸਿੰਘ ਤੇ ਭੂਪੀ ਨਾ ਸਿਰਫ ਨਸ਼ੇ ਦਾ ਧੰਦਾ ਕਰਦੇ ਸੀ ਬਲਕਿ ਭਾਰਤੀ ਫ਼ੌਜ ਅਤੇ ਦੇਸ਼ ਦੇ ਖੂਫੀਆ ਦਸਤਾਵੇਜ਼ ਵੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨੂੰ ਮੁਹੱਈਆ ਕਰਵਾਉਂਦੇ ਸਨ।
ਐੱਸ ਐੱਸ ਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਇਸ ਕੰਮ ਲਈ ਇਨ੍ਹਾਂ ਨੇ ਦੋ ਫ਼ੌਜੀ ਜਵਾਨ ਗੁਰਭੇਜ ਸਿੰਘ ਅਤੇ ਹਰਪ੍ਰੀਤ ਨੂੰ ਵੀ ਆਪਣੇ ਨਾਲ ਮਿਲਾਇਆ ਹੋਇਆ ਸੀ। ਐੱਸਨਐੱਸ ਪੀ ਨੇ ਦੱਸਿਆ ਕਿ ਭਾਰਤੀ ਫ਼ੌਜ ਦਾ ਸਿਪਾਹੀ ਹਰਪ੍ਰੀਤ ਸਿੰਘ 2017 ਵਿਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਕਾਰਗਿਲ ਵਿਚ ਤੈਨਾਤ ਸੀ ,ਇਸ ਦਾ ਦੂਸਰਾ ਸਾਥੀ ਗੁਰਭੇਜ ਸਿੰਘ ਵੀ ਕਾਰਗਿਲ ਵਿਚ ਬਤੌਰ ਭਾਰਤੀ ਫੌਜ ਵਿਚ ਕਲਰਕ ਤਾਇਨਾਤ ਸੀ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।