ਜਲੰਧਰ: ਦਿੱਲੀ ਤੋਂ ਸਾਂਸਦ ਅਤੇ ਭਾਜਪਾ ਦੇ ਸੀਨੀਅਰ ਆਗੂ ਹੰਸ ਰਾਜ ਹੰਸ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਹੰਸ ਰਾਜ ਹੰਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਇੱਕ ਗਰੀਬ ਦਾ ਬੱਚਾ ਮੁੱਖ ਮੰਤਰੀ ਬਣਿਆ ਹੈ ਪਰ ਜੋ ਕੰਮ ਚਰਨਜੀਤ ਚੰਨੀ ਨੇ ਕੀਤਾ ਉਸ ਦੀ ਉਮੀਦ ਉਨ੍ਹਾਂ ਨੂੰ ਨਹੀਂ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦਲਿਤ ਕਾਰਡ ਖੇਡਿਆ ਜਾਣਾ ਮਹਿਜ਼ ਇੱਕ ਡਰਾਮਾ ਹੈ।
ਹੰਸ ਰਾਜ ਹੰਸ ਨੇ ਸੁਝਾਇਆ ਵਨ ਨੇਸ਼ਨ ਵਨ ਐਜੂਕੇਸ਼ਨ ਦਾ ਫਾਰਮੂਲਾ
ਪੰਜਾਬ ਵਿੱਚ ਚੋਣਾਂ ਦੇ ਚੱਲਦੇ ਭਾਜਪਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਮੈਨੀਫੈਸਟੋ ਵਿਚ ਹੰਸਰਾਜ ਹੰਸ ਦੀ ਜਦ ਰਾਇ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਰਫ਼ ਇਹੋ ਹੀ ਰਾਏ ਹੈ ਕਿ ਪੂਰੇ ਦੇਸ਼ ਵਿਚ ਵਨ ਨੇਸ਼ਨ ਵਨ ਐਜੂਕੇਸ਼ਨ ਵਾਲਾ ਫਾਰਮੂਲਾ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿੱਥੇ ਗਰੀਬ ਦਾ ਬੱਚਾ ਪੜ੍ਹਦਾ ਹੈ ਉਥੇ ਹੀ ਅਮੀਰ ਦਾ ਬੱਚਾ ਪੜ੍ਹਨਾ ਚਾਹੀਦਾ ਹੈ ਤਾਂ ਕਿ ਦੇਸ਼ ਵਿੱਚ ਅਮੀਰੀ ਗਰੀਬੀ ਦੇ ਵੱਡੇ ਫਰਕ ਨੂੰ ਖ਼ਤਮ ਕੀਤਾ ਜਾ ਸਕੇ।
ਉਧਰ ਆਮ ਆਦਮੀ ਪਾਰਟੀ ਵੱਲੋਂ ਆਪਣੇ ਆਗੂ ਸਤਿੰਦਰ ਜੈਨ ਦੇ ਘਰ ਈਡੀ ਦੇ ਛਾਪੇ ਬਾਰੇ ਲਗਾਏ ਗਏ ਆਰੋਪ ’ਤੇ ਹੰਸਰਾਜ ਹੰਸ ਨੇ ਕਿਹਾ ਕਿ ਦੇਸ਼ ਦੀਆਂ ਏਜੰਸੀਆਂ ਆਪਣਾ ਕੰਮ ਨਿਰਪੱਖ ਤਰੀਕੇ ਨਾਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਡਰ ਸਿਰਫ਼ ਉਹਨੂੰ ਹੁੰਦਾ ਹੈ ਜਿਸ ਨੇ ਗਲਤ ਕੰਮ ਕੀਤਾ ਹੁੰਦਾ ਹੈ। ਹੰਸ ਰਾਜ ਹੰਸ ਨੇ ਖੁਦ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਕਿਸੇ ਸਮੇਂ ਇਨਕਮ ਟੈਕਸ ਦਾ ਛਾਪਾ ਉਨ੍ਹਾਂ ਦੇ ਘਰ ਵੀ ਪਿਆ ਸੀ ਪਰ ਉਨ੍ਹਾਂ ਨੂੰ ਇਸ ਦਾ ਕੋਈ ਡਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਹੀ ਨਹੀਂ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਿਹਰੇ 'ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ...