ਜਲੰਧਰ: ਖੇਤੀ ਕਾਨੂੰਨਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਗੱਠਜੋੜ ਤੋੜਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕੀਤਾ ਗਿਆ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ 65 ਪੰਜਾਬ ਲੋਕ ਕਾਂਗਰਸ 37 ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ 17 ਸੀਟਾਂ ’ਤੇ ਚੋਣ ਲੜ ਰਿਹਾ ਹੈ।
ਇਹ ਵੀ ਪੜੋ: ਗਰੀਬ CM ਦਾ ਕਰੋੜਪਤੀ ਭਾਣਜਾ ਕੁੜਿਕੀ 'ਚ
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੋਵੇਂ ਹੀ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹਨ ਅਤੇ ਪੰਜਾਬ ਵਿਧਾਨ ਸਭਾ ਦਾ ਰਾਸਤਾ ਮਾਲਵੇ ਵਿੱਚਦੀ ਹੋ ਕੇ ਹੀ ਜਾਂਦਾ ਹੈ, ਕਿਉਂਕਿ ਇਕੱਲੇ ਮਾਲਵੇ ਵਿੱਚ ਹੀ ਵਿਧਾਨ ਸਭਾ ਦੀਆਂ 69 ਸੀਟਾਂ ਹਨ ਅਤੇ ਜ਼ਿਆਦਾਤਰ ਮੁੱਖ ਮੰਤਰੀ ਮਾਲਵੇ ਨਾਲ ਹੀ ਬਣਦੇ ਰਹੇ ਹਾਂ।
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਸਮੇਂ ਦੇ ਕਾਰਜਕਾਲ ਦੀ ਕਾਰਗੁਜ਼ਾਰੀ ’ਤੇ ਉੱਠ ਰਹੇ ਹਨ ਸਵਾਲ ?
ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਵਿੱਚ ਬਹੁਮੱਤ ਹਾਸਲ ਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਲੋਕਾਂ ਨਾਲ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਪੰਜਾਬ ਵਿੱਚ ਵੱਡਾ ਮੁੱਦਾ ਨਸ਼ਿਆਂ ਦਾ ਸੀ ਅਤੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਵਾਅਦਾ ਵਫ਼ਾ ਨਹੀਂ ਹੋਇਆ। ਜਿਸ ਕਾਰਨ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾਂਦਾ ਰਿਹਾ ਹੈ।
ਦੂਸਰਾ ਵੱਡਾ ਕਾਰਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਆਪਣੇ ਕਾਰਜਕਾਲ ਦੌਰਾਨ ਆਪਣੇ ਹੀ ਕੈਬਨਿਟ ਮੰਤਰੀਆਂ ਤੋਂ ਬਣਾਈ ਗਈ ਦੂਰੀ ਕਾਰਨ ਲਗਾਤਾਰ ਆਪਣਿਆਂ ਅਤੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਕਾਂਗਰਸ ਦੇ ਹੀ ਸੀਨੀਅਰ ਲੀਡਰਾਂ ਵੱਲੋਂ ਭਾਜਪਾ ਨਾਲ ਰਲੇ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ, ਜਿਸ ਕਾਰਨ ਕਈ ਵਾਰ ਸੀਨੀਅਰ ਲੀਡਰਸ਼ਿਪ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਜਾਂਦੀ ਰਹੀ।
ਵਾਰ-ਵਾਰ ਉੱਠ ਰਹੀ ਮੁੱਖ ਮੰਤਰੀ ਬਦਲਣ ਦੀ ਮੰਗ ਨੂੰ ਲੈ ਕੇ ਅੰਤ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫ਼ਾ ਦੇਣਾ ਪਿਆ। ਅਸੀਂ ਕਾਂਗਰਸ ਨੂੰ ਅਲਵਿਦਾ ਆਖ ਆਪਣੀ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਉਣੀ ਪਈ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨਵੀਂ ਹੋਣ ਕਾਰਨ ਭਾਜਪਾ ਦੇ ਚੋਣ ਨਿਸ਼ਾਨ ਤੇ ਚਾਰ ਉਮੀਦਵਾਰਾਂ ਵੱਲੋਂ ਵਿਧਾਨ ਸਭਾ ਚੋਣ ਲੜੀ ਜਾ ਰਹੀ ਹੈ ਇਹ ਚਾਰੇ ਉਮੀਦਵਾਰ ਸ਼ਹਿਰੀ ਖੇਤਰ ਨਾਲ ਸਬੰਧ ਰੱਖਦੇ ਹਨ।
ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਮਿਲੇਗਾ ਲੋਕਾਂ ਦਾ ਬਹੁਮਤ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਰਹੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਾ ਵਿਰੋਧੀ ਲਏ ਗਏ ਫ਼ੈਸਲਿਆਂ ਤੋਂ ਦੁਖੀ ਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖਿਆ ਗਿਆ ਸੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਕੇ ਸਿਆਸੀ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ ਸਨ।
ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡਣ ਤੋਂ ਬਾਅਦ ਹੋਰ ਵੀ ਕਈ ਕੱਦਾਵਰ ਨੇਤਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਭਾਜਪਾ ਨਾਲ ਗੱਠਜੋੜ ਕਰ ਕੇ ਪੰਜਾਬ ਵਿੱਚ ਚੋਣ ਨਾ ਲੜੀਆਂ ਜਾ ਰਹੀਆਂ ਹਨ, ਪਰ ਵੇਖਣਾ ਇਹ ਹੋਵੇਗਾ ਕਿ ਇਸ ਗੱਠਜੋੜ ਨੂੰ ਕਿੰਨਾ ਕੁ ਲੋਕ ਬਹੁਮਤ ਦਿੰਦੇ ਹਨ।
ਆਉਂਦੇ ਦਿਨਾਂ ਵਿੱਚ ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਰਾਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
ਭਾਜਪਾ ਵੱਲੋਂ ਪਹਿਲੀ ਵਾਰ ਕਮਲ ਚੋਣ ਨਿਸ਼ਾਨ ’ਤੇ ਪੰਜਾਬ ਵਿੱਚ ਲੜੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਆਉਂਦੇ ਦਿਨਾਂ ਵਿੱਚ ਚੋਣ ਪ੍ਰਚਾਰ ਲਈ ਕਈ ਸਟਾਰ ਪ੍ਰਚਾਰਕਾਂ ਨੂੰ ਪੰਜਾਬ ਲੈ ਕੇ ਆਉਣ ਦੀ ਸੰਭਾਵਨਾ ਹੈ। ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੰਨੀ ਦਿਓਲ, ਹੇਮਾ ਮਾਲਨੀ ਤੇ ਸਿਮਰਤੀ ਇਰਾਨੀ ਆਦਿ ਦੇ ਨਾਮ ਪ੍ਰਮੁੱਖ ਹਨ।
ਵਿਧਾਨ ਸਭਾ ਚੋਣਾਂ ਦੇ ਚਲਦਿਆਂ ਭਾਜਪਾ ਨੇ ਬਹੁਤੇ ਸਿੱਖ ਚਿਹਰਿਆਂ ਨੂੰ ਉਤਾਰਿਆ ਚੋਣ ਮੈਦਾਨ ਵਿੱਚ
ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਨਿਸ਼ਾਨੇ ’ਤੇ ਆਈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੋਚੀ ਸਮਝੀ ਰਣਨੀਤੀ ਤਹਿਤ ਜ਼ਿਆਦਾਤਰ ਸਿੱਖ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ, ਜਿਨ੍ਹਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ’ਤੇ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ।
ਇਹ ਵੀ ਪੜੋ: ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀਆਂ ਦਾ ਕਿਹੋ-ਜਿਹਾ ਰਿਹੈ ਕਾਰਜਕਾਲ, ਕੌਣ ਹੋ ਸਕਦੈ 36ਵਾਂ ਮੁੱਖ ਮੰਤਰੀ ?
ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪਹਿਲੀ ਵਾਰ ਪੰਜਾਬ ਵਿੱਚ ਕਮਲ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ ਨੂੰ ਕੈਪਟਨ ਅਤੇ ਢੀਂਡਸਾ ਦੀ ਜੋੜੀ ਬਹੁਮਤ ਦਿਵਾਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ।