ਜਲੰਧਰ: ਜੌਹਲ ਹਸਪਤਾਲ ਵੱਲੋਂ ਇੱਕ ਮਰੀਜ਼ ਦਾ ਇੱਕ ਦਿਨ ਵਿੱਚ ਹੀ 70 ਹਜ਼ਾਰ ਰੁਪਏ ਬਿੱਲ ਬਣਾਏ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੰਗਲਵਾਰ ਨੂੰ ਰਾਮਾ ਮੰਡੀ ਦੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੇ ਹਸਪਤਾਲ ਵਿਰੁੱਧ ਮੋਰਚਾ ਖੋਲ੍ਹਦਿਆਂ ਸਮਰਥਕਾਂ ਨਾਲ ਡੀਸੀ ਦਫ਼ਤਰ ਪੁੱਜ ਕੇ ਡੀਸੀ ਨੂੰ ਜੌਹਲ ਹਸਪਤਾਲ ਵਿਰੁੱਧ ਸਖਤ ਕਾਰਵਾਈ ਲਈ ਮੰਗ ਪੱਤਰ ਸੌਂਪਿਆ।
ਇਸ ਮੌਕੇ ਗੱਲਬਾਤ ਦੌਰਾਨ ਕੌਂਸਲਰ ਮਨਦੀਪ ਜੱਸਲ ਨੇ ਕਿਹਾ ਕਿ 13 ਅਗੱਸਤ ਨੂੰ ਹਰੀ ਚੰਦ ਨਿਵਾਸੀ ਹਰਗੋਬਿੰਦ ਨਗਰ, ਜੌਹਲ ਹਸਪਤਾਲ ਵਿੱਚ ਭਰਤੀ ਹੋਇਆ। ਹਰੀ ਚੰਦ ਨੂੰ ਸਾਹ ਲੈਣ ਵਿੱਚ ਮਾਮੂਲੀ ਤਕਲੀਫ਼ ਸੀ, ਪਰ ਦੂਜੇ ਦਿਨ ਇਲਾਜ ਦੇ ਬਾਅਦ ਹਰੀ ਪੂਰੀ ਤਰ੍ਹਾਂ ਠੀਕ ਹੋ ਗਿਆ ਅਤੇ ਹਸਪਤਾਲ ਵਾਲਿਆਂ ਨੇ ਇੱਕ ਦਿਨ ਵਿੱਚ ਹੀ ਸੱਤਰ ਹਜ਼ਾਰ ਬਿੱਲ ਬਣਾ ਦਿੱਤਾ, ਮਰੀਜ਼ ਇੰਨੇ ਰੁਪਏ ਨਹੀਂ ਦੇ ਸਕਦਾ ਸੀ। ਜਦੋਂ ਮਰੀਜ਼ ਨੇ ਛੁੱਟੀ ਲੈ ਕੇ ਘਰ ਜਾਣ ਦੀ ਮੰਗ ਕੀਤੀ ਪਰ ਹਸਪਤਾਲ ਵਾਲੇ ਕੋਰੋਨਾ ਵਾਇਰਸ ਦਾ ਹਵਾਲਾ ਦੇ ਕੇ ਰੁਪਇਆਂ ਲਈ ਛੁੱਟੀ ਨਾ ਦੇਣ ਦੀ ਜ਼ਿੱਦ ਕਰਦੇ ਰਹੇ।
ਉਨ੍ਹਾਂ ਕਿਹਾ ਕਿ ਹਸਪਤਾਲ ਨੇ ਮਰੀਜ਼ ਤੋਂ ਇੱਕ ਦਿਨ ਦੀਆਂ ਦਵਾਈਆਂ ਦਾ 14 ਹਜ਼ਾਰ ਰੁਪਏ ਅਤੇ ਕੋਰੋਨਾ ਦਾ ਲੈਵਲ ਥ੍ਰੀ ਕਹਿ ਕੇ 70 ਹਜ਼ਾਰ ਬਟੋਰ ਲਿਆ।
ਕੌਂਸਲਰ ਨੇ ਕਿਹਾ ਕਿ ਹਸਪਤਾਲ ਵੱਲੋਂ ਮਰੀਜ਼ ਦੀ ਰਿਪੋਰਟ ਕੋਰੋਨਾ ਟੈਸਟ ਲਈ ਸਿਵਲ ਹਸਪਤਾਲ ਵਿਖੇ 15 ਅਗੱਸਤ ਨੂੰ ਦੁਪਹਿਰ ਸਮੇਂ ਪੁੱਜੀ ਅਤੇ ਰਾਤ 9:30 ਵਜੇ ਦੇ ਕਰੀਬ ਰਿਪੋਰਟ ਪੌਜ਼ੀਟਿਵ ਆਈ, ਪਰ ਜੌਹਲ ਹਸਪਤਾਲ ਨੇ ਮਰੀਜ਼ ਦੀ ਰਿਪੋਰਟ 14 ਅਗੱਸਤ ਨੂੰ ਹੀ ਕੋਰੋਨਾ ਪੌਜ਼ੀਟਿਵ ਕਰ ਦਿੱਤੀ, ਜੋ ਕਿ ਇਹ ਇੱਕ ਠੱਗੀ ਮਾਰੀ ਜਾ ਰਹੀ ਹੈ।
ਹੰਗਾਮੇ ਦੀ ਸੂਚਨਾ ਮਿਲਣ 'ਤੇ ਕੌਂਸਲਰ ਮਨਦੀਪ ਜੱਸਲ ਹਸਪਤਾਲ ਵਿਖੇ ਪੁੱਜੇ ਅਤੇ ਉਨ੍ਹਾਂ ਮਰੀਜ਼ ਨੂੰ ਡਿਸਚਾਰਜ ਕਰਵਾ ਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ।
ਮਨਦੀਪ ਜੱਸਲ ਨੇ ਦੱਸਿਆ ਕਿ ਜੌਹਲ ਹਸਪਤਾਲ ਦੀ ਮਨਮਾਨੀ ਵਿਰੁੱਧ ਉਹ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਹਨ ਅਤੇ ਮੰਗ ਪੱਤਰ ਸੌਂਪ ਕੇ ਹਸਪਤਾਲ ਦੀ ਮਾਨਤਾ ਰੱਦ ਕਰਨ ਦੇ ਨਾਲ-ਨਾਲ ਮੋਟੇ ਰੁਪਏ ਵਸੂਲਣ ਵਾਲੇ ਡਾਕਟਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।