ਜਲੰਧਰ: ਪਿਛਲੇ ਲੰਬੇ ਸਮੇਂ ਤੋਂ ਪਿਆਜ਼ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪੰਜਾਬ 'ਚ ਇਸ ਦਾ ਅਸਰ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਦੀ ਸੱਭ ਤੋਂ ਵੱਡੀ ਸਬਜ਼ੀ ਮੰਡੀ "ਮਕਸੂਦਾਂ ਮੰਡੀ" 'ਚ ਪਿਆਜ਼ ਦੀਆਂ ਵਧੀਆਂ ਕੀਮਤਾਂ ਬਾਰੇ ਆੜਤੀਆਂ ਨੇ ਕਿਹਾ ਕਿ ਨਾਸਿਕ ਅਤੇ ਰਾਜਸਥਾਨ 'ਚ ਬਾਰਿਸ਼ ਕਾਰਨ ਭਾਰੀ ਮਾਤਰਾ 'ਚ ਫ਼ਸਲ ਖ਼ਰਾਬ ਹੋ ਗਈ ਹੈ, ਜਿਸ ਕਾਰਨ ਉੱਥੋਂ ਦਾ ਪਿਆਜ਼ ਮੰਡੀਆਂ 'ਚ ਨਹੀਂ ਪੁੱਜਿਆ ਅਤੇ ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆੜ੍ਹਤੀਆਂ ਨੇ ਕਿਹਾ ਕਿ ਮੰਡੀ ਵਿੱਚ ਪਿਆਜ਼ ਦਾ ਭਾਅ 40 ਤੋਂ 45 ਰੁਪਏ ਹੈ ਪਰ ਰਿਟੇਲ ਵਿੱਚ ਸਬਜ਼ੀ ਵਿਕ੍ਰੇਤਾ ਆਪਣੇ ਖਰਚੇ ਮਿਲਾ ਕੇ ਇਸ ਨੂੰ 70 ਤੋਂ 80 ਰੁਪਏ ਕਿੱਲੋ ਤੱਕ ਵੇਚ ਰਹੇ ਹਨ।
ਦੂਜੇ ਪਾਸੇ ਸਬਜ਼ੀ ਵੇਚਣ ਵਾਲਿਆਂ ਨੇ ਦੱਸਿਆ ਕਿ ਪਿਆਜ਼ਾਂ ਦੀਆਂ ਵਧਣ ਕਾਰਨ ਜਿੱਥੇ ਖਰੀਦਦਾਰ ਪਰੇਸ਼ਾਨ ਹਨ ਉਥੇ ਹੀ ਉਨ੍ਹਾਂ ਦੀ ਵਿਕਰੀ ਵਿੱਚ ਵੀ ਘਾਟਾ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਜ਼ਿਆਦਾ ਮਾਤਰਾ ਵਿੱਚ ਸਬਜ਼ੀ ਖਰੀਦਦੇ ਸਨ ਪਰ ਹੁਣ ਲੋਕ ਘੱਟ ਮਾਤਰਾ ਵਿੱਚ ਸਬਜ਼ੀ ਖ਼ਰੀਦਦੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਖੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਪੁੱਜੇ ਵਿਧਾਇਕ ਬਲਵਿੰਦਰ ਬੈਂਸ
ਦੱਸ ਦਈਏ ਕਿ ਪੰਜਾਬ 'ਚ ਪਿਆਜ਼ ਰਾਜਸਥਾਨ, ਨਾਸਿਕ, ਅਲਵਰ, ਅਫ਼ਗ਼ਾਨਿਸਥਾਨ ਤੋਂ ਜਿਆਦਾ ਆਉਂਦਾ ਹੈ। ਰਾਜਸਥਾਨ 'ਚ ਭਾਰੀ ਬਰਸਾਤ ਕਾਰਨ ਉਥੇ ਪਿਆਜ਼ ਦੀ ਫ਼ਸਲ ਬਰਬਾਦ ਹੋ ਗਈ ਹੈ ਜਿਸ ਕਾਰਨ ਉਥੋਂ ਪਿਆਜ਼ ਆਉਣਾ ਬੰਦ ਹੋ ਗਿਆ ਹੈ। ਇਸੇ ਤਰ੍ਹਾਂ ਨਾਸਿਕ 'ਚ ਵੀ ਬਰਸਾਤ ਕਾਰਨ ਪਿਆਜ਼ ਦੀ ਆਮਦ 'ਚ ਘਾਟਾ ਹੋਇਆ ਜਿਸ ਕਾਰਨ ਉਥੋਂ ਵੀ ਪਿਆਜ਼ ਨਾ ਮਾਤਰ ਹੀ ਆ ਰਿਹਾ ਹੈ।