ਜਲੰਧਰ: ਗੁਰਦੁਆਰਾ ਸਾਹਿਬ ਵਿੱਚ ਇੱਕ ਨਗਨ ਅਵਸਥਾ ਵਿੱਚ ਇੱਕ ਨੌਜਵਾਨ ਅੰਦਰ ਦਾਖ਼ਲ ਹੋ ਗਿਆ, ਜਿਸ ਨੂੰ ਦੇਖ ਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਤੁਰੰਤ ਉਸ ਨੂੰ ਬਾਹਰ ਕੱਢਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਲੰਧਰ ਦੀ ਬਸਤੀ ਸ਼ੇਖ ਦੇ ਗੁਰਦੁਆਰਾ ਹਰਿਕੀਰਤ ਸਾਹਿਬ ਵਿਖੇ ਇੱਕ ਨੌਜਵਾਨ ਬਿਨ੍ਹਾਂ ਕੱਪੜਿਆਂ ਤੋਂ ਵੜ੍ਹ ਆਇਆ, ਜਿਸ ਬਾਰੇ ਦੱਸਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਦਿਮਾਗ਼ੀ ਤੌਰ ਉੱਤੇ ਕਮਜ਼ੋਰ ਨੌਜਵਾਨ ਬਸਤੀ ਸ਼ੇਖ ਦੇ ਤੇਲੀਆਂ ਮੁਹੱਲੇ ਦਾ ਰਹਿਣ ਵਾਲਾ ਹੈ।
ਉਨ੍ਹਾਂ ਦੱਸਿਆ ਕਿ ਉਸ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਾ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਆ ਕੇ ਉੱਕਤ ਨੌਜਵਾਨ ਨੂੰ ਚਾਦਰ ਨਾਲ ਢਕਣ ਲਈ ਕਿਹਾ, ਪਰ ਨੌਜਵਾਨ ਨੇ ਉਸ ਨਾਲ ਹੀ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਪ੍ਰਧਾਨ ਦਾ ਕਹਿਣਾ ਹੈ ਕਿ ਮੁਹੱਲੇ ਵਾਲੇ ਪਹਿਲਾਂ ਵੀ ਇਸ ਨੂੰ ਕਈ ਵਾਰ ਅਜਿਹੀਆਂ ਹਰਕਤਾਂ ਕਰਨ ਨੂੰ ਲੈ ਕੇ ਪੁਲਿਸ ਦੇ ਹਵਾਲੇ ਕਰ ਚੁੱਕੇ ਹਨ, ਪਰ ਪੁਲਿਸ ਉਸ ਨੂੰ ਹਰ ਵਾਰ ਛੱਡ ਦਿੰਦੀ ਹੈ। ਇਸ ਵਾਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਪੁਲਿਸ ਨੂੰ ਅਜਿਹੇ ਦਿਮਾਗ਼ੀ ਤੌਰ ਉੱਤੇ ਕਮਜ਼ੋਰ ਵਿਅਕਤੀ ਨੂੰ ਬੰਦ ਰੱਖਣ ਲਈ ਕਿਹਾ ਹੈ ਤਾਂ ਕਿ ਕੋਈ ਹੋਰ ਜਾਨੀ ਨੁਕਸਾਨ ਨਾ ਹੋ ਸਕੇ।
ਉੱਥੇ ਹੀ ਥਾਣਾ ਨੰਬਰ 5 ਦੇ ਏ.ਐੱਸ.ਆਈ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਗੁਰਦੁਆਰਾ ਸਾਹਿਬ ਵਿੱਚ ਇੱਕ ਦਿਮਾਗ਼ੀ ਤੌਰ ਉੱਤੇ ਕਮਜ਼ੋਰ ਵਿਅਕਤੀ ਨਗਨ ਅਵਸਥਾ ਵਿੱਚ ਅੰਦਰ ਚਲਾ ਗਿਆ ਸੀ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ। ਹੁਣ ਪੁਲਿਸ ਨੇ ਉਸ ਨੂੰ ਥਾਣੇ ਲੈ ਆਉਂਦਾ ਹੈ ਅਤੇ ਉਸ ਨੂੰ ਪਿੰਗਲਵਾੜੇ ਭੇਜਣ ਦੇ ਲਈ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ।