ਜਲੰਧਰ: ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਸਾਲ 2015 'ਚ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਕੇ 8 ਸਾਲ ਤੱਕ ਕੋਮਾ ਵਿੱਚ ਰਹੇ ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਨੇ ਜਲੰਧਰ ਦੇ ਮਿਲਟਰੀ ਹਸਪਤਾਲ 'ਚ ਆਖ਼ਰੀ ਸਾਹ ਲਏ। ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ 'ਚ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਗਿਆ। ਪਰਿਵਾਰ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਜਲੰਧਰ ਛਾਉਣੀ ਦੇ ਰਾਮਬਾਗ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੀ ਵੱਡੀ ਧੀ ਗੁਨੀਤ ਕੌਰ ਨੇ ਆਪਣੇ ਪਿਤਾ ਦੀ ਚਿਖਾ ਨੂੰ ਅੱਗ ਦਿੱਤੀ।
ਫੌਜੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ: ਇਸ ਦੌਰਾਨ ਸ਼ਹੀਦ ਕਰਨਬੀਰ ਸਿੰਘ ਦੀ ਪਤਨੀ ਨਵਪ੍ਰੀਤ ਕੌਰ ਅਤੇ ਛੋਟੀ ਬੇਟੀ ਅਸ਼ਮੀਤ ਕੌਰ ਵੀ ਮੌਜੂਦ ਸਨ। ਪੂਰੇ ਸਨਮਾਨ ਨਾਲ ਸਵੇਰੇ 11 ਵਜੇ ਫੌਜ ਵਲੋਂ ਸ਼ਹੀਦ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ। ਇੱਥੇ ਇੱਕ-ਇੱਕ ਕਰਕੇ ਫੌਜ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਧਰ ਮੌਕੇ ਉਤੇ ਮੌਜੂਦ ਕਈ ਫੌਜੀ ਅਧਿਕਾਰੀਆਂ ਦੀਆਂ ਵੀ ਅੱਖਾਂ ਨਮ ਸਨ।
ਪਰਿਵਾਰ ਨੂੰ ਕਰਨਬੀਰ ਸਿੰਘ ਦੀ ਸ਼ਹਾਦਤ 'ਤੇ ਮਾਣ: ਕਰਨਬੀਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਪੁੱਤਰ ਉਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅਪਣੇ ਪੁੱਤਰ ਦਾ ਫੋਨ ਮਿਲਿਆ ਤਾਂ ਉਸ ਨੇ ਵਟਸਐਪ ਸਟੇਟਸ ਉਤੇ ਲਿਖਿਆ ਸੀ ਕਿ, “ਮੈਂ ਅਪਣੀ ਕਹਾਣੀ ਦਾ ਅੰਤ ਨਹੀਂ ਜਾਣਦਾ ਪਰ ਕੋਈ ਇਹ ਨਹੀਂ ਕਹੇਗਾ ਕਿ ਮੈਂ ਹਿੰਮਤ ਛੱਡ ਦਿਤੀ”। ਉਨ੍ਹਾਂ ਦਸਿਆ ਕਰਨਬੀਰ ਸਿੰਘ ਰਹਿਤ ਮਰਿਯਾਦਾ ਦੇ ਬਹੁਤ ਪੱਕੇ ਸਨ ਅਤੇ ਉਨ੍ਹਾਂ ਨੂੰ ਗੁਰਬਾਣੀ ਵਿਚ ਬਹੁਤ ਵਿਸ਼ਵਾਸ ਸੀ। ਉਨ੍ਹਾਂ ਦੇ ਪਤਨੀ ਨਵਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਪਤੀ ਦੀ ਬਹਾਦਰੀ ਉਤੇ ਮਾਣ ਹੈ। ਉਨ੍ਹਾਂ ਨੂੰ 8 ਸਾਲਾਂ ਤੋਂ ਉਮੀਦ ਸੀ ਪਰ ਅੱਜ ਉਹ ਉਮੀਦ ਟੁੱਟ ਗਈ।
ਮਿਲਟਰੀ ਹਸਪਤਾਲ 'ਚ ਦਿਨ ਰਾਤ ਚੱਲਦੀ ਸੀ ਗੁਰਬਾਣੀ: ਕੋਮਾ ਵਿੱਚ ਜਾਣ ਤੋਂ ਬਾਅਦ ਕਰਨਬੀਰ ਸਿੰਘ 8 ਸਾਲਾਂ ਤੋਂ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਦਾਖਲ ਸੀ। ਇੱਥੇ ਉਨ੍ਹਾਂ ਨੂੰ ਵੱਖਰਾ ਕਮਰਾ ਦਿੱਤਾ ਗਿਆ ਸੀ। ਪਤਨੀ ਨਵਪ੍ਰੀਤ ਕੌਰ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਧੀਆਂ ਅਸ਼ਮੀਤ ਕੌਰ ਅਤੇ ਗੁਨੀਤ ਕੌਰ ਹਨ ਜੋ ਜ਼ਿਆਦਾਤਰ ਸਮਾਂ ਹਸਪਤਾਲ ਵਿੱਚ ਹੀ ਰਹਿੰਦੀਆਂ ਸਨ। ਹਸਪਤਾਲ ਵਿੱਚ ਉਨ੍ਹਾਂ ਦੇ ਕਮਰੇ ਵਿੱਚ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਹੁੰਦਾ ਸੀ। ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ ਫੂਡ ਪਾਈਪ ਰਾਹੀਂ ਸਿਰਫ ਤਰਲ ਖੁਰਾਕ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਹਰ ਰੋਜ਼ ਖਾਣੇ ਲਈ ਸਿਰਫ਼ ਸੂਪ ਅਤੇ ਜੂਸ ਦਿੱਤਾ ਜਾਂਦਾ ਸੀ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਦੇਖਭਾਲ ਕੀਤੀ ਪਰ ਉਹ ਕਦੇ ਕੋਮਾ ਤੋਂ ਬਾਹਰ ਨਹੀਂ ਆਏ।
ਸਾਲ 2015 'ਚ ਹੋਇਆ ਸੀ ਅੱਤਵਾਦੀ ਹਮਲਾ: ਸ਼ਹੀਦ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ। ਜਿੰਨ੍ਹਾਂ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ 'ਤੇ ਖਾ ਲਈ। ਜਦੋਂ 22 ਨਵੰਬਰ 2015 ਨੂੰ ਕਸ਼ਮੀਰ ਘਾਟੀ ਵਿੱਚ ਕੁਪਵਾੜਾ ਸਰਹੱਦ ਤੋਂ 7 ਕਿਲੋਮੀਟਰ ਦੂਰ ਸੰਘਣੇ ਜੰਗਲ ਵਿੱਚ ਫੌਜ ਦਾ ਆਪ੍ਰੇਸ਼ਨ ਚੱਲ ਰਿਹਾ ਸੀ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਆਪਣੇ ਸਾਥੀ ਸਿਪਾਹੀਆਂ ਨਾਲ ਹਾਜੀ ਨਾਕਾ ਪਿੰਡ 'ਚ ਅੱਤਵਾਦੀਆਂ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਫੌਜ 'ਤੇ ਹਮਲਾ ਕਰ ਦਿੱਤਾ। ਗੋਲੀਬਾਰੀ ਦੌਰਾਨ ਕਰਨਬੀਰ ਸਿੰਘ ਨੇ ਜਦੋਂ ਦੇਖਿਆ ਕਿ ਉਨ੍ਹਾਂ ਦਾ ਇਕ ਸਿਪਾਹੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਆ ਗਿਆ ਹੈ ਤਾਂ ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਬਚਾਉਣ ਦਾ ਫੈਸਲਾ ਕੀਤਾ ਅਤੇ ਉਸ ਵੱਲ ਭੱਜੇ। ਜਿਵੇਂ ਹੀ ਕਰਨਬੀਰ ਸਿੰਘ ਨੇ ਆਪਣੇ ਸਿਪਾਹੀ ਨੂੰ ਆਪਣੀ ਥਾਂ ਤੋਂ ਧੱਕਾ ਦਿੱਤਾ ਤਾਂ ਅੱਤਵਾਦੀਆਂ ਦੀ ਗੋਲੀ ਸਿੱਧੀ ਉਨ੍ਹਾਂ ਦੇ ਜਬਾੜੇ 'ਚ ਜਾ ਲੱਗੀ। ਅੱਤਵਾਦੀ ਦੀ ਕਲਾਸ਼ਨੀਕੋਵ ਰਾਈਫਲ ਤੋਂ ਚਲਾਈ ਗਈ ਗੋਲੀ ਕਰਨਬੀਰ ਸਿੰਘ ਦੇ ਹੇਠਲੇ ਜਬਾੜੇ ਨੂੰ ਵਿੰਨ੍ਹ ਗਈ।
ਜੀਭ ਤੇ ਚਿਹਰਾ ਬੁਰੀ ਤਰ੍ਹਾਂ ਨੁਕਸਾਨਿਆ: ਗੋਲੀ ਲੱਗਣ ਦੇ ਬਾਵਜੂਦ ਉਹ ਮੋਰਚੇ 'ਤੇ ਡਟੇ ਰਹੇ। ਉਨ੍ਹਾਂ ਦੀ ਟੀਮ ਨੇ ਅੱਤਵਾਦੀਆਂ ਦੇ ਟਿਕਾਣੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਫੌਜ ਨੇ ਉਥੋਂ ਭਾਰੀ ਮਾਤਰਾ 'ਚ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਕਰਨਬੀਰ ਸਿੰਘ ਨੂੰ ਬਾਅਦ ਵਿੱਚ ਆਪਣੀ ਟੀਮ ਨੂੰ ਬਚਾਉਂਦੇ ਹੋਏ ਦਿਖਾਈ ਗਈ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ। ਜਬਾੜੇ 'ਚ ਲੱਗੀ ਅੱਤਵਾਦੀਆਂ ਦੀ ਗੋਲੀ ਨਾਲ ਕਰਨਬੀਰ ਸਿੰਘ ਦੀ ਜੀਭ ਪੂਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਦਾ ਅੱਧਾ ਚਿਹਰਾ ਵੀ ਨੁਕਸਾਨਿਆ ਗਿਆ ਸੀ। ਫੌਜ ਦੀ ਟੀਮ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਮਿਲਟਰੀ ਹਸਪਤਾਲ ਲੈ ਗਈ। ਉੱਥੇ ਮੇਜਰ ਅਪਰੇਸ਼ਨ ਕੀਤਾ ਗਿਆ ਪਰ ਕਰਨਬੀਰ ਸਿੰਘ ਪੂਰੀ ਤਰ੍ਹਾਂ ਠੀਕ ਨਾ ਹੋ ਸਕੇ ਅਤੇ ਕੋਮਾ ਵਿੱਚ ਚਲੇ ਗਏ।
ਚੁਣੌਤੀ ਵਿਚਕਾਰ ਚੱਲਦਾ ਰਿਹਾ ਇਲਾਜ: ਡਾਕਟਰਾਂ ਮੁਤਾਬਿਕ ਕਲਾਸ਼ਨੀਕੋਵ ਰਾਈਫਲ ਦੀ ਗੋਲੀ ਲੱਗਣ ਨਾਲ ਉਨ੍ਹਾਂ ਦੀ ਜੀਭ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ, ਉਨ੍ਹਾਂ ਦਾ ਅੱਧਾ ਚਿਹਰਾ ਗਾਇਬ ਸੀ। ਇਸ ਤੋਂ ਬਾਅਦ ਜੇਕਰ ਉਹ ਮੰਜੇ 'ਤੇ ਲੇਟਦੇ ਸਨ ਤਾਂ ਉਨ੍ਹਾਂ ਦੀ ਜੀਭ ਪਿੱਛੇ ਲਟਕ ਜਾਂਦੀ ਸੀ। ਕਰਨਬੀਰ ਸਿੰਘ ਨੱਤ ਦੀਆਂ ਸਰੀਰਕ ਚੁਣੌਤੀਆਂ ਦੇ ਵਿਚਕਾਰ, ਮਿਲਟਰੀ ਹਸਪਤਾਲ ਕੋਮਾ ਦੌਰਾਨ ਉਨ੍ਹਾਂ ਦਾ ਇਲਾਜ ਕਰ ਰਿਹਾ ਸੀ। ਉਹ 160 ਟੈਰੀਟੋਰੀਅਲ ਆਰਮੀ (JAK ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ (2IC) ਸੀ। ਉਹ ਪਹਿਲਾਂ ਬ੍ਰਿਗੇਡ ਆਫ਼ ਗਾਰਡਜ਼ ਦੀ 19ਵੀਂ ਬਟਾਲੀਅਨ ਵਿੱਚ ਤਾਇਨਾਤ ਸਨ। ਕਰਨਬੀਰ ਸਿੰਘ ਨੱਤ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ।