ਜਲੰਧਰ: ਬੱਸ ਸਟੈਂਡ ਦੇ ਪੁੱਲ ਹੇਠਾਂ ਡਰਾਈਵਰ ਅਤੇ ਪੰਜਾਬ-ਦਿੱਲੀ ਟੂਰਿਸਟ ਯੂਨੀਅਨ ਤੇ ਟ੍ਰਾਂਸਪੋਰਟ ਯੂਨੀਅਨ ਦੇ ਵਰਕਰਾਂ ਵੱਲੋਂ ਰਲ ਮਿਲ ਕੇ ਲੋੜਵੰਦਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਖ਼ਾਸ ਗੱਲ ਇਹ ਹੈ ਕਿ ਲੌਕਡਾਊਨ ਦੌਰਾਨ ਦਿੱਤੀਆਂ ਹਦਾਇਤਾਂ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੇਵਾ ਕਰ ਰਹੇ ਹਨ।
ਕੋਰੋਨਾ ਵਾਇਰਸ ਜਿਹੀ ਮਹਾਂਮਾਰੀ ਨਾਲ ਹਰ ਕਿਸੇ ਦਾ ਕਾਰੋਬਾਰ ਬੰਦ ਦੀ ਕਗ਼ਾਰ 'ਤੇ ਹੈ ਅਤੇ ਰੋਜ਼ਮਰਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣਾ ਢਿੱਡ ਤੱਕ ਪਾਲਣਾ ਮੁਸ਼ਕਿਲ ਹੋਇਆ ਪਿਆ ਹੈ। ਅਜਿਹੇ ਵਿੱਚ ਕੁੱਝ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀ ਲੋਕ ਅੱਗੇ ਆ ਕੇ ਇੰਨ੍ਹਾਂ ਬੇਸਹਾਰਿਆਂ ਲੋਕਾਂ ਲਈ ਸਹਾਰੇ ਦੀ ਉਮੀਦ ਬਣ ਖੜ੍ਹੇ ਹਨ।
ਪੰਜਾਬ ਦਿੱਲੀ ਟੂਰਿਸਟ ਯੂਨੀਅਨ ਦੇ ਵਰਕਰ ਰਾਜਦੀਪ ਸਿੰਘ ਰਾਜੂ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਜਲੰਧਰ ਦੇ ਬੱਸ ਸਟੈਂਡ ਦੇ ਲਾਗੇ ਪੈਂਦੇ ਸਭ ਢਾਬੇ ਪੂਰੀ ਤਰ੍ਹਾਂ ਬੰਦ ਹੋ ਗਏ ਸਨ ਅਤੇ ਉਨ੍ਹਾਂ ਢਾਬਿਆਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਲੋਕਾਂ ਨੂੰ ਆਪਣਾ ਢਿੱਡ ਪਾਲਣਾ ਬੇਹੱਦ ਮੁਸ਼ਕਿਲ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪੈਸੇ ਇਕੱਠੇ ਕਰ ਇੱਥੇ ਲੰਗਰ ਦੀ ਸੇਵਾ ਦੇਣੀ ਸ਼ੁਰੂ ਕਰ ਦਿੱਤੀ, ਜਿਸ ਦਾ ਅੱਜ 73ਵਾਂ ਦਿਨ ਹੈ।
ਇਸ ਲੰਗਰ ਦੀ ਸੇਵਾ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਦੀ ਦਿੱਤੀਆਂ ਹਦਾਇਤਾਂ ਅਤੇ ਸਮਾਜਿਕ ਦੂਰੀ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਹਰ ਇੱਕ ਲੰਗਰ ਛੱਕਣ ਵਾਲੇ ਦੇ ਹੱਥਾਂ ਨੂੰ ਪਹਿਲਾਂ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਸਮਾਜਿਕ ਦੂਰੀ ਅਨੁਸਾਰ ਬਣਾਈ ਥਾਂ 'ਤੇ ਬਿਠਾ ਕੇ ਲੰਗਰ ਖਵਾਇਆ ਜਾਂਦਾ ਹੈ।