ਜਲੰਧਰ: ਸ਼ਹਿਰ ਵਿੱਚ 2 ਦਿਨ ਪਹਿਲਾਂ ਹੋਏ ਜੱਸਾ ਕਤਲ ਕਾਂਡ ਨੂੰ ਜਲੰਧਰ ਪੁਲਿਸ ਨੇ ਹੱਲ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਕੋਲੋਂ ਕਤਲ ਵਿੱਚ ਇਸਤੇਮਾਲ ਕੀਤੇ ਗਏ ਪਿਸਤੌਲ ਨੂੰ ਵੀ ਬਰਾਮਦ ਕੀਤਾ ਹੈ।
ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫ਼ਰੰਸ ਕਰ ਦੱਸਿਆ ਕਿ 9 ਮਾਰਚ ਨੂੰ ਸ਼ਹਿਰ ਦੇ ਸੰਗਤ ਨਗਰ ਵਿੱਚ ਜਸਪ੍ਰੀਤ ਸਿੰਘ ਉਰਫ਼ ਜੱਸਾ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਮ੍ਰਿਤਕ ਜਸਪ੍ਰੀਤ ਜੱਸਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕੁੱਲ 9 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਜਿਸ ਮਗਰੋਂ ਕਾਰਵਾਈ ਕਰਦਿਆਂ ਪੁਲਿਸ ਨੇ ਦੋਸ਼ੀ ਅਜੇ ਉਰਫ਼ ਕਾਲੂ ਅਤੇ ਵਿਜੇ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਕੋਲੋਂ ਕਤਲ ਲਈ ਇਸਤੇਮਾਲ ਕੀਤੇ ਗਏ 32 ਬੋਰ ਦਾ ਪਿਸਤੌਲ ਅਤੇ ਇੱਕ ਹੋਰ ਮੈਗਜ਼ੀਨ ਵੀ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕੇ ਛੇਤੀ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।