ਜਲੰਧਰ: ਆਰਮੀ ਕੈਂਟ 'ਚ ਰਿਟਾਇਰ ਅਧਿਆਪਕ ਦੇ ਕਤਲ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ 'ਚ ਇੱਕ ਮੁਲਜ਼ਮ ਨੂੰ ਕਤਲ ਦੇ ਹਥਿਆਰ ਨਾਲ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਲਾਲ ਲੋਨ 'ਤੇ ਪੈਸੇ ਦਿੰਦਾ ਸੀ ਅਤੇ ਮੁਲਜ਼ਮ ਸਨੀ ਨੇ ਤਰਸੇਮ ਲਾਲ ਪਾਸੋਂ ਆਪਣੇ ਪਿਤਾ ਦੇ ਇਲਾਜ ਲਈ ਲੋਨ 'ਤੇ ਪੈਸੇ ਚੁੱਕੇ ਹੋਏ ਸਨ।
ਮੁਲਜ਼ਮ ਸਨੀ ਨੇ ਲੋਨ ਦੇ ਥੋੜ੍ਹੇ ਪੈਸੇ ਤਾਂ ਵਾਪਸ ਕਰ ਦਿੱਤੇ ਸਨ, ਪਰ ਹੋਰ ਲੋਨ ਦੇ ਪੈਸੇ ਦੇਣ 'ਤੇ ਉਸ ਨੂੰ ਮੁਸ਼ਕਲ ਹੋ ਰਹੀ ਸੀ। ਇਸੇ ਦੇ ਚੱਲਦਿਆਂ ਉਸ ਨੇ ਤਰਸੇਮ ਲਾਲ ਨੂੰ ਮਾਰਨ ਦੀ ਯੋਜਨਾ ਬਣਾਈ। ਮ੍ਰਿਤਕ ਤਰਸੇਮ ਲਾਲ ਜਦੋਂ ਪੈਸੇ ਮੰਗਣ ਆਇਆ ਤਾਂ ਮੁਲਜ਼ਮ ਨੇ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਉਸ 'ਤੇ ਹਮਲਾ ਕਰ ਦਿੱਤਾ।
ਮੁਲਜ਼ਮ ਨੇ ਤਰਸੇਮ ਲਾਲ 'ਤੇ ਚਾਕੂ ਨਾਲ 28 ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਸਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।