ਜਲੰਧਰ: ਇੱਕ ਪਾਸੇ ਜਿੱਥੇ ਕੋਰੋਨਾ ਕਰਕੇ ਪੰਜਾਬ ਵਿੱਚ ਤਾਲਾਬੰਦੀ ਲੱਗੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਕੁਝ ਲੋਕ ਆਪਣੇ ਸ਼ੌਕਾਂ ਨੂੰ ਪੂਰਾ ਕਰਨ ਲਈ ਗੈਰ-ਕਾਨੂੰਨੀ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਹੋ ਜਿਹੇ ਹੀ 11 ਲੋਕਾਂ ਨੂੰ ਜਲੰਧਰ ਪੁਲਿਸ ਨੇ ਗੁਰੂ ਅਮਰਦਾਸ ਕਾਲੋਨੀ ਦੀ ਇੱਕ ਕੋਠੀ ਵਿੱਚੋਂ ਜੂਆ ਖੇਡਦੇ ਹੋਏ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਨ੍ਹਾਂ ਕੋਲੋਂ 19 ਲੱਖ 82 ਹਜ਼ਾਰ ਦੀ ਨਕਦੀ, 5 ਲਗਜ਼ਰੀ ਗੱਡੀਆਂ, ਇੱਕ ਪਿਸਤੌਲ, 3 ਰਿਵਾਲਵਰ ਅਤੇ ਕੁਝ ਜ਼ਿੰਦਾ ਰੌਦ ਵੀ ਬਰਾਮਦ ਕੀਤੇ ਹਨ।
ਇਹ ਵੀ ਪੜੋ: ਲੁਧਿਆਣਾ 'ਚ ਹੋਈ ਗੈਂਗਵਾਰ ਨੇ ਲਈ ਇੱਕ ਦੀ ਜਾਨ, ਇੱਕ ਦੀ ਵੱਡੀ ਗਈ ਉਂਗਲ
ਇਸ ਮਾਮਲੇ ਬਾਰੇ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਅਮਰਦਾਸ ਨਗਰ ਦੀ ਇੱਕ ਕੋਠੀ ਵਿੱਚ ਕੁਝ ਲੋਕ ਜੂਆ ਖੇਡ ਰਹੇ ਹਨ, ਜਿਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਫ਼ਸਰਾਂ ਸਮੇਤ ਸੀਆਈਏ ਸਟਾਫ਼ ਨੇ ਇਸ ਜਗ੍ਹਾ ਉੱਪਰ ਰੇਡ ਕੀਤੀ।
ਪੁਲਿਸ ਕਮਿਸ਼ਨਰ ਮੁਤਾਬਕ ਇਨ੍ਹਾਂ ਵਿੱਚੋਂ 8 ਲੋਕ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਬਾਕੀ ਤਿੰਨ ਲੋਕ ਜਲੰਧਰ ਦੇ ਅਲੱਗ-ਅਲੱਗ ਇਲਾਕਿਆਂ ਦੇ ਰਹਿਣ ਵਾਲੇ ਹਨ। ਉਨ੍ਹਾਂ ਅਨੁਸਾਰ ਇਨ੍ਹਾਂ ਵਿੱਚੋਂ ਕਈ ਲੋਕਾਂ 'ਤੇ ਪਹਿਲੇ ਵੀ ਗੈਂਬਲਿੰਗ ਐਕਟ ਅਤੇ ਹੋਰ ਕਈ ਧਰਾਵਾਂ ਵਿੱਚ ਮਾਮਲੇ ਦਰਜ ਹਨ।