ਜਲੰਧਰ: ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤੀ ਵਧਾ ਦਿੱਤੀ ਗਈ ਹੈ। ਇਸੇ ਦੌਰਾਨ ਜਲੰਧਰ ਪੁਲਿਸ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਜ਼ਿਲ੍ਹੇ ਦੀ ਸੀਆਈਏ ਸਟਾਫ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ।
ਕਾਬੂ ਕੀਤੇ ਗਏ ਇੰਨ੍ਹਾਂ ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ, ਨਸ਼ਾ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸਦੇ ਨਾਲ ਹੀ ਮੁਲਜ਼ਮਾਂ ਕੋਲੋਂ ਤਿੰਨ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਿਸ ਰਾਹੀਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਡਾ. ਖੰਨਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੇ ਨਾਰਕੋਟਿਕ ਸੈੱਲ ਵੱਲੋਂ ਜਲੰਧਰ ਦੇ ਲਾਡੋਵਾਲੀ ਰੋਡ ਟੀ ਪੁਆਇੰਟ ਇੱਕ ਨਾਕਾ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਇਕ ਸਵਿਫਟ ਡਿਜ਼ਾਇਰ ਗੱਡੀ ਨੂੰ ਰੋਕਿਆ ਗਿਆ।
ਉਨ੍ਹਾਂ ਮੁਤਾਬਕ ਗੱਡੀ ਦੀ ਤਲਾਸ਼ੀ ਲੈਣ ’ਤੇ ਮੁਲਜ਼ਮਾਂ ਕੋਲੋਂ 6 ਲੱਖ ਪੰਜਾਹ ਹਜ਼ਾਰ ਰੁਪਏ ਦੀ ਡਰੱਗ ਮਨੀ , 4 ਪਿਸਟਲ 32 ਬੋਰ , 6 ਮੈਗਜ਼ੀਨ , 32 ਜਿੰਦਾ ਰਾਊਂਡ , 103 ਗ੍ਰਾਮ ਹੈਰੋਇਨ , ਸਾਢੇ 500 ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਹੀ ਨਹੀਂ ਇੰਨ੍ਹਾਂ ਮੁਲਜ਼ਮਾਂ ਕੋਲੋਂ ਤਿੰਨ ਗੱਡੀਆਂ ਵੀ ਪੁਲਿਸ ਨੇ ਬਰਾਮਦ ਕੀਤੀਆਂ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੱਡੀ ਵਿੱਚ ਮੌਜੂਦ ਸਾਰੇ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ ਜਿੰਨ੍ਹਾਂ ਵਿੱਚ ਸਨੀ , ਸਮਾਈਲ ,ਦਿਵਾਂਸ਼ , ਹੈਪੀ ਅਤੇ ਲਵ ਕੁਮਾਰ ਸ਼ਾਮਿਲ ਹੈ। ਇੰਨ੍ਹਾਂ ਵਿੱਚੋਂ ਕਈਆਂ ਉੱਪਰ ਲੁੱਟ-ਖੋਹ ਅਤੇ ਹੋਰ ਅਪਰਾਧਿਕ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਜਾਂਚ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਚੋਰੀ ਦੇ ਦੋਸ਼ 'ਚ ਚਾਚਾ-ਭਤੀਜਾ ਗ੍ਰਿਫ਼ਤਾਰ, ਬਰਾਮਦ ਕੀਤੇ 14 ਮੋਟਰਸਾਈਕਲ ਅਤੇ ਇੱਕ ਐਕਟਿਵਾ