ਜਲੰਧਰ: ਅੱਜ ਦੁਸਹਿਰੇ ਦੇ ਮੌਕੇ ਤੇ ਜਿੱਥੇ ਸ਼਼ਹਿਰ 'ਚ ਸੈਂਕੜੋ ਜਗ੍ਹਾ ਤੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਫੂਕੇ। ਉਥੇ ਹੀ ਜਲੰਧਰ ਦੇ ਵਰਕਸ਼ਾਪ ਚੌਕ 'ਚ ਸਰਬੱਤ ਫਾਊਂਡੇਸ਼ਨ ਵੱਲੋਂ ਕੂੜੇ ਦਾ ਰਾਵਣ ਫੂਕਿਆ ਗਿਆ।
ਫਾਊਂਡੇਸ਼ਨ ਨੇ ਦਸ ਫੁੱਟ ਉੱਚਾ ਰਾਵਣ ਦਾ ਕੂੜੇ ਨਾਲ ਭਰਿਆ ਪੁਤਲਾ ਫੂਕਿਆ। ਪੁਤਲੇ ਦੇ ਨਾਲ ਸੰਸਥਾ ਨੇ ਕਈ ਬੈਨਰ ਵੀ ਲਗਾਏ ਸਨ ਜਿਨ੍ਹਾਂ ਤੇ ਸ਼ਹਿਰ ਚ ਵੱਖ ਵੱਖ ਥਾਵਾਂ ਤੇ ਖਿਲਰੇ ਕੂੜੇ ਦੀਆਂ ਫੋਟੋਆਂ ਤੇ ਟੁੱਟੀਆਂ ਸੜਕਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।
ਦੱਸ ਦੇਇਏ ਕਿ ਜਲੰਧਰ 'ਚ ਜਗ੍ਹਾਂ ਜਗ੍ਹਾਂ ਗੰਦਗੀ ਦੇ ਢੇਰ ਖਿੱਲਰੇ ਹੋਏ ਨੇ ਤੇ ਨਗਰ ਨਿਗਮ ਉਸ ਨੂੰ ਚੁੱਕਣ 'ਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਿਗਮ ਨੂੰ ਕੁੰਭਕਰਨ ਦੀ ਨੀਂਦ ਚੋਂ ਜਗਾਉਣ ਲਈ ਅੱਜ ਉਨ੍ਹਾਂ ਕੂੜੇ ਦਾ ਰਾਵਣ ਫੂਕਿਆ ਹੈ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਕੂੜੇ ਦਾ ਰਾਵਣ ਫੂਕ ਉਹ ਇਸ ਗੱਲ ਦੀ ਉਮੀਦ ਕਰਦੇ ਨੇ ਕਿ ਆਉਣ ਵਾਲੇ ਦਿਨਾਂ 'ਚ ਸ਼ਹਿਰ 'ਚ ਖਿੱਲਰੇ ਕੂੜੇ ਤੇ ਟੁੱਟੀਆਂ ਸੜਕਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ।