ਜਲੰਧਰ: ਬੀਤੇ ਦਿਨੀਂ ਜਲੰਧਰ 'ਚ ਪੰਜਾਬ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਭੇਤਭਰੇ ਹਲਾਤਾਂ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ 'ਚ ਮ੍ਰਿਤਕ ਦੇਹ ਬਰਾਮਦ ਹੋਈ ਸੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਜਿਸ 'ਚ ਹੁਣ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਹਨ। ਜਿਸ 'ਚ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦਿਓਲ ਨਾਲ ਕੋਈ ਹਾਦਸਾ ਨਹੀਂ ਵਾਪਰਿਆ ਸਗੋਂ ਉਹਨਾਂ ਦਾ ਕਤਲ ਕੀਤਾ ਗਿਆ ਹੈ। ਡੀਐਸਪੀ ਦਲਬੀਰ ਸਿੰਘ ਦਿਓਲ ਦਾ ਐਤਵਾਰ ਦੇਰ ਰਾਤ ਜਲੰਧਰ ਵਿੱਚ ਬਸਤੀ ਬਾਵਾ ਖੇਲ ਨਹਿਰ ਦੇ ਪੁਲ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਮੱਥੇ ਵਿੱਚ ਗੋਲੀ ਲੱਗਣ ਨਾਲ ਮੌਤ: ਇਸ ਮਾਮਲੇ ਦੀ ਮੁੱਢਲੀ ਤਫ਼ਤੀਸ਼ 'ਚ ਸਾਹਮਣੇ ਆਇਆ ਸੀ ਕਿ ਦਲਬੀਰ ਸਿੰਘ ਦਿਓਲ ਦੇ ਮੱਥੇ ਵਿੱਚ ਗੋਲੀ ਲੱਗੀ ਸੀ। ਇਸ ਦੌਰਾਨ ਕਾਤਲ ਡੀਐਸਪੀ ਦਲਬੀਰ ਸਿੰਘ ਦੀ ਸਰਕਾਰੀ ਪਿਸਤੌਲ ਵੀ ਆਪਣੇ ਨਾਲ ਹੀ ਲੈ ਗਏ। ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ। ਉਹ ਇਸ ਸਮੇਂ ਸੰਗਰੂਰ ਵਿੱਚ ਲੱਡਾ ਕੋਠੀ ਸਥਿਤ ਇੰਡੀਆ ਰਿਜ਼ਰਵ ਬਟਾਲੀਅਨ ਦੇ ਹੈੱਡਕੁਆਰਟਰ ਵਿੱਚ ਤਾਇਨਾਤ ਸੀ। ਡੀਐਸਪੀ ਦਲਬੀਰ ਸਿੰਘ ਸ਼ੂਗਰ ਦੇ ਵੀ ਮਰੀਜ਼ ਸਨ। ਸ਼ੂਗਰ ਕਾਰਨ ਉਨ੍ਹਾਂ ਦੀ ਇਕ ਲੱਤ ਕੱਟ ਦਿੱਤੀ ਗਈ ਸੀ।
ਪਿਛਲੇ ਦਿਨੀਂ ਚਰਚਾ 'ਚ ਆਇਆ ਸੀ ਡੀਐਸਪੀ: ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਪਿੰਡ ਮੰਡ ਵਿੱਚ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਪਿੰਡ ਵਾਸੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਹਾਲਾਂਕਿ ਉਥੇ ਕਿਸੇ ਨੂੰ ਗੋਲੀ ਨਹੀਂ ਲੱਗੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਮਿਲ ਕੇ ਸਮਝੌਤਾ ਕਰਵਾ ਦਿੱਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਘਟਨਾ ਸਮੇਂ ਡੀਐਸਪੀ ਸ਼ਰਾਬੀ ਸੀ। ਦੱਸ ਦਈਏ ਕਿ ਝਗੜੇ ਦੌਰਾਨ ਡੀਐਸਪੀ ਦਿਓਲ ਨੇ ਦੋ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਦਿਓਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਜਿਸ ਦੀਆਂ ਕੁਝ ਫੋਟੋ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਉਦੋਂ ਪੁਲਿਸ ਨੇ ਦਲਬੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ ਪਰ ਰਾਜ਼ੀਨਾਮਾ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ।
ਡੀਐਸਪੀ ਦੀ ਪਿਸਤੌਲ ਨਾਲ ਹੀ ਕਤਲ: ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਡੀਐਸਪੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਨ੍ਹਾਂ ਨਾਲ ਝਗੜਾ ਹੋਇਆ ਤਾਂ ਉਨ੍ਹਾਂ ਨੇ ਡੀਐਸਪੀ ਦੀ ਪਿਸਤੌਲ ਲੈ ਲਈ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਡੀਐਸਪੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ ਕੁਝ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਡੀਐਸਪੀ ਦਾ ਅੰਤਿਮ ਸਸਕਾਰ ਅੱਜ ਕਪੂਰਥਲਾ ਦੇ ਪਿੰਡ ਖੋਜੇਵਾਲ ਵਿੱਚ ਕੀਤਾ ਗਿਆ। ਦੱਸ ਦਈਏ ਕਿ ਦੇਰ ਸ਼ਾਮ ਤੱਕ ਕਰੀਬ 5 ਟੀਮਾਂ ਨੇ ਕ੍ਰਾਈਮ ਸੀਨ ਦੀ ਜਾਂਚ ਕੀਤੀ ਅਤੇ ਉਥੋਂ ਦੋ ਖੋਲ ਬਰਾਮਦ ਕੀਤੇ ਗਏ। ਜਦੋਂ ਖਾਲੀ ਖੋਲ ਨੂੰ ਜਾਂਚ ਲਈ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਉਕਤ ਸ਼ੈੱਲ ਡੀਐਸਪੀ ਦੇ ਹਥਿਆਰ ਦੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀ ਧਾਰਾ 302 (ਕਤਲ), 379-ਬੀ (ਡਕੈਤੀ), 34 (ਅਪਰਾਧ ਵਿੱਚ ਇੱਕ ਤੋਂ ਵੱਧ ਮੁਲਜ਼ਮ ਸ਼ਾਮਲ ਸਨ) ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕੀਤਾ ਹੈ।
ਡਿਪ੍ਰੈਸ਼ਨ ਤੋਂ ਪੀੜਤ ਸੀ ਮ੍ਰਿਤਕ ਡੀਐਸਪੀ: ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ ਦਲਬੀਰ ਸਿੰਘ ਦਾ ਫੋਨ ਖ਼ਰਾਬ ਹੋ ਗਿਆ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣੇ ਗੰਨਮੈਨ ਦੇ ਫ਼ੋਨ ਵਿੱਚ ਆਪਣੇ ਫ਼ੋਨ ਦਾ ਸਿਮ ਪਾ ਲਿਆ ਸੀ। ਘਟਨਾ ਸਮੇਂ ਉਸ ਕੋਲ ਕੋਈ ਫੋਨ ਨਹੀਂ ਸੀ। ਡੀਸੀਪੀ ਵਿਰਕ ਨੇ ਦੱਸਿਆ ਕਿ ਦਲਬੀਰ ਸਿੰਘ ਪਿਛਲੇ 4 ਮਹੀਨਿਆਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਦੇ ਨਾਲ ਹੀ ਇਸ ਘਟਨਾ ਦਾ ਪਿੰਡ ਮੰਡ ਵਿੱਚ ਕੁਝ ਦਿਨ ਪਹਿਲਾਂ ਹੋਈ ਲੜਾਈ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਜਾਂਚ ਕੀਤੀ ਗਈ ਹੈ।
ਪੁਲਿਸ ਨੇ ਕਬਜ਼ੇ 'ਚ ਲਏ ਸੀਸੀਟੀਵੀ ਫੁਟੇਜ: ਇਸ ਸਬੰਧੀ ਜਾਣਕਾਰੀ ਅਨੁਸਾਰ ਨਵੇਂ ਸਾਲ ਦੀ ਰਾਤ ਡੀਐਸਪੀ ਦਲਬੀਰ ਸਿੰਘ ਆਪਣੇ 3 ਜਾਣਕਾਰਾਂ ਨਾਲ ਘਰੋਂ ਨਿਕਲੇ ਸਨ। ਦੇਰ ਰਾਤ ਡੀਐਸਪੀ ਦਲਬੀਰ ਸਿੰਘ ਨੂੰ ਉਨ੍ਹਾਂ ਦੇ ਦੋਸਤਾਂ ਨੇ ਬੱਸ ਸਟੈਂਡ ਨੇੜੇ ਛੱਡ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ। ਪੁਲਿਸ ਨੇ ਬੱਸ ਸਟੈਂਡ ਨੇੜੇ ਲੱਗੇ ਕੁਝ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਜਿਸ ਸਬ'ਚ ਕਈ ਪਹਿਲੂ ਸਾਹਮਣੇ ਆਏ ਹਨ, ਜਿੰਨ੍ਹਾਂ 'ਤੇ ਜਾਂਚ ਕੀਤੀ ਜਾ ਰਹੀ ਹੈ।