ਜਲੰਧਰ : ਸੂਬੇ ਵਿੱਚ ਲਗਾਤਾਰ ਨਸ਼ੇ ਖ਼ਿਲਾਫ਼ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਸੀਆਈਏ ਸਟਾਫ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 04 ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਕੋਲੋ 1 ਕਿੱਲੋ 500 ਗ੍ਰਾਮ ਹੈਰੋਇਨ ਤੇ 53 ਹਜ਼ਾਰ ਰੁਪਏ ਡਰੱਗ ਮਨੀ, ਇੱਕ ਦੇਸੀ ਕੱਟਾ 315 ਬੋਰ ਇੱਕ ਰੌਂਦ 315 ਬੋਰ, ਇਕ ਗੱਡੀ ਮਾਰਕਾ ਸਵਿਫਟ ਰੰਗ ਸਿਲਵਰ ਅਤੇ ਇਲੈਕਟ੍ਰਿਕ ਕੰਡਾ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਗੱਡੀ ਦੀ ਤਲਾਸ਼ੀ ਲੈਣ ਉਤੇ ਡੇਢ ਕਿਲੋ ਹੈਰੋਇਨ ਬਰਾਮਦ : ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਕਮਿਸ਼ਨਰੇਟ ਜਲੰਧਰ ਦੀ ਟੀਮ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਗਸ਼ਤ ਉਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਨ। ਇਸੇ ਦੌਰਾਨ ਟੀ-ਪੁਆਇੰਟ ਰੇਲਵੇ ਕਾਲੋਨੀ ਰੋਡ ਗੁਰੂ ਨਾਨਕਪੁਰਾ ਰੋਡ 'ਤੇ ਰੇਲਵੇ ਫਾਟਕਾਂ ਵੱਲੋਂ ਇਕ ਕਾਰ ਆ ਰਹੀ, ਜਿਸ ਵਿੱਚ 4 ਵਿਅਕਤੀ ਸਵਾਰ ਸਨ। ਸ਼ੱਕ ਹੋਣ ਉਤੇ ਸੀਆਈਏ ਸਟਾਫ ਦੇ ਅਧਿਕਾਰੀਆਂ ਨੇ ਜਦੋਂ ਗੱਡੀ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 1 ਕਿਲੋ 500 ਗ੍ਰਾਮ ਹੈਰੋਇਨ, 53 ਹਜ਼ਾਰ ਰੁਪਏ ਡਰੱਗ ਮਨੀ, ਇਰ ਬਿਜਲਈ ਕੰਡਾ ਤੇ ਇਕ ਦੇਸੀ ਕੱਟਾ 315 ਬੋਰ, ਇਕ ਰੌਂਦ ਬਰਾਮਦ ਹੋਇਆ।
ਮੁਲਜ਼ਮਾਂ ਦੀ ਪਛਾਣ : ਅਧਿਕਾਰੀਆਂ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਰੇਸ਼ਮ ਸਿੰਘ ਵਾਸੀ ਗਲੀ ਨੰ. 3 ਮੁਹੱਲਾ ਸੰਤਪੁਰਾ ਨੇੜੇ ਰੋਹੀ ਵਾਲਾ ਗੁਰਦੁਆਰਾ ਸਾਹਿਬ ਥਾਣਾ ਸਿਟੀ ਕਪੂਰਥਲਾ, ਜਸਬੀਰ ਸਿੰਘ ਉਰਫ ਪੱਡਾ ਪੁੱਤਰ ਸੁਰਿੰਦਰ ਸਿੰਘ ਵਾਸੀ ਪੱਤੀ ਜਹਾਂਗੀਰ ਪਿੰਡ ਖੀਰਾਂਵਾਲੀ ਥਾਣਾ ਫੱਤੂ ਢੀਂਗਾ ਜ਼ਿਲ੍ਹਾ ਕਪੂਰਥਲਾ, ਵਿਕਾਸ ਉਰਫ ਰੂਬਲ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਰਾਈਕਾ ਨੇੜੇ ਮਾਤਾ ਦਾ ਮੰਦਿਰ ਥਾਣਾ ਸਿਟੀ ਕਪੂਰਥਲਾ ਅਤੇ ਹਰੀਪਾਲ ਉਰਫ ਹਰੀ ਪੁੱਤਰ ਸੋਢੀ ਰਾਮ ਵਾਸੀ ਪਿੰਡ ਪ੍ਰੇਮਪੁਰ ਥਾਣਾ ਰਾਵਲ ਪਿੰਡੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਸੀਆਈਏ ਸਟਾਫ਼ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਪੁਲਿਸ ਵਲੋਂ ਉਕਤ ਕਾਬੂ ਕੀਤੇ ਗਏ 4 ਮੁਲਜ਼ਮਾਂ ਖਿਲਾਫ ਮੁੱਕਦਮਾ ਥਾਣਾ ਨਵੀਂ ਬਾਰਾਦਰੀ ਕਮਿਸ਼ਨਰੇਟ ਜਲੰਧਰ ਵਿਚ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।