ਜਲੰਧਰ: ਦੇਸ਼ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨਾਲ ਨਾ ਸਿਰਫ ਦੇਸ਼ ਦੇ ਲੋਕ ਸਗੋਂ ਸਰਕਾਰਾਂ ਵੀ ਕਾਫ਼ੀ ਚਿੰਤਤ ਹਨ। ਇਸ ਤੋਂ ਹੱਲ ਕਰਨ ਲਈ ਇੰਡੀਅਨ ਆਇਲ ਅਤੇ ਹੋਰ ਕੰਪਨੀਆਂ ਮਿਲ ਕੇ ਹੁਣ ਪੈਟਰੋਲ ਅਤੇ ਡੀਜ਼ਲ ਦੀ BS-6 ਸਪਲਾਈ ਸ਼ੁਰੂ ਕਰਨ ਜਾ ਰਹੀਆਂ ਹਨ। ਦੱਸ ਦਈਏ ਕਿ ਹੁਣ ਤੱਕ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ BS-4 ਕੁਆਲਿਟੀ ਸਪਲਾਈ ਹੋ ਰਹੀ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਵਿੱਚ ਇੰਡੀਅਨ ਆਇਲ ਦੇ ਸਟੇਟ ਹੈੱਡ ਸੁਜਾਏ ਚੌਧਰੀ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਬੀਐੱਸ-4 ਕੁਆਲਿਟੀ ਦਾ ਪੈਟਰੋਲ ਅਤੇ ਡੀਜ਼ਲ ਸਪਲਾਈ ਹੁੰਦਾ ਸੀ ਜਿਸ ਨਾਲ ਪ੍ਰਦੂਸ਼ਣ ਜ਼ਿਆਦਾ ਹੋਣ ਕਰਕੇ ਵਾਤਾਵਰਣ ਨੂੰ ਨੁਕਸਾਨ ਹੁੰਦਾ ਸੀ। ਉਨ੍ਹਾਂ ਕਿਹਾ ਕਿ ਹੁਣ 1 ਅਪਰੈਲ ਤੋਂ ਕੰਪਨੀਆਂ ਬੀਐੱਸ-6 ਦੀ ਸਪਲਾਈ ਦੇਣਾ ਸ਼ੁਰੂ ਕਰ ਦੇਣਗੀਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਬੀਐੱਸ-6 ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਸਿਰਫ਼ ਯੂਰਪੀ ਯੂਨੀਅਨ, ਜਾਪਾਨ ਅਤੇ ਅਮਰੀਕਾ ਵਿੱਚ ਹੀ ਹੋ ਰਹੀ ਸੀ।
ਪੰਜਾਬ ਲਈ ਵੱਡੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਹੁਣ ਜਲਦ ਹੀ ਇੰਡੀਅਨ ਆਇਲ ਵੱਲੋਂ ਪੰਜਾਬ ਵਿੱਚ ਪਰਾਲੀ ਤੋਂ ਬਾਇਓ ਗੈਸ ਬਣਾਉਣ ਵਾਲੇ ਪਲਾਂਟ ਵੀ ਲਗਾਏ ਜਾਣਗੇ। ਫਿਲਹਾਲ 20 ਥਾਂਵਾਂ 'ਤੇ ਇਹ ਪਲਾਂਟ ਲਾਏ ਜਾਣਗੇ ਅਤੇ ਇਸ ਦੀ ਸ਼ੁਰੂਆਤ ਸੰਗਰੂਰ ਤੋਂ ਹੋਵੇਗੀ।