ਜਲੰਧਰ : ਲੋਹੀਆਂ ਖ਼ਾਸ ਨੇੜੇ ਕਾਰ ਹਾਦਸੇ ਵਿਚ ਇਕ ਕੁੜੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਾਜਿਸ਼ ਤਹਿਤ ਫਰਜ਼ੀ ਦੱਸਦੇ ਹੋਏ ਮੁੰਡੇ ਦੇ ਪਰਿਵਾਰ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਸਥਾਨਕ ਪਲਿਸ ਕੋਲ ਬਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੀ ਕੁੜੀ ਸਰਬਜੀਤ ਕੌਰ ਨੇ ਐੱਮ. ਟੈੱਕ ਦੀ ਪੜ੍ਹਾਈ ਤੋਂ ਬਾਅਦ ਜਲੰਧਰ ਦੇ ਮਸ਼ਹੂਰ ਇੰਸਟੀਚਿਊਟ ’ਚ 2 ਸਾਲ ਸਹਾਇਕ ਲੈਕਚਰਾਰ ਦੀ ਨੌਕਰੀ ਕੀਤੀ ਸੀ। ਹੁਣ ਉਸਨੇ ਟਿਊਸ਼ਨ ਸੈਂਟਰ ਤਲਵੰਡੀ ਚੌਧਰੀਆਂ ਰੋਡ ਸੁਲਤਾਨਪੁਰ ਲੋਧੀ ਵਿਖੇ ਖੋਲ੍ਹਿਆ ਹੋਇਆ ਹੈ। ਪਰ ਇਸ ਘਟਨਾ ਨੇ ਉਨ੍ਹਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ।
ਵਿਆਹ ਲਈ ਲਾਇਆ ਲਾਰਾ : ਉਨ੍ਹਾਂ ਦੱਸਿਆ ਕਿ ਲੜਕੀ ਦੀ ਕਰੀਬ 3 ਸਾਲ ਪਹਿਲਾਂ ਮੰਗਣੀ ਸਿਮਰਜੀਤ ਸਿੰਘ ਉਰਫ਼ ਗੁਰਿੰਦਰਜੀਤ ਪੁੱਤਰ ਅਵਤਾਰ ਸਿੰਘ ਵਾਸੀ ਫੱਤੂਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨਾਲ ਹੋਈ ਸੀ। ਕੁਝ ਸਮੇਂ ਬਾਅਦ ਲੜਕਾ ਪਰਿਵਾਰ ਨੇ ਇਹ ਰਿਸ਼ਤਾ ਨਾ-ਮਨਜ਼ੂਰ ਕਰ ਦਿੱਤਾ ਅਤੇ ਲੜਕਾ ਸਿਮਰਜੀਤ ਸਿੰਘ ਲੜਕੀ ਦੇ ਸੰਪਰਕ ’ਚ ਰਿਹਾ ਅਤੇ ਵਿਆਹ ਕਰਵਾਉਣ ਦਾ ਲਾਰਾ ਲਗਾਉਂਦਾ ਰਿਹਾ। ਕਰੀਬ 15 ਦਿਨ ਪਹਿਲਾਂ ਸਿਮਰਜੀਤ ਸਿੰਘ ਨੇ ਆਪਣੇ ਪਰਿਵਾਰ ਦੀ ਮਰਜ਼ੀ ਨਾਲ ਆਪਣਾ ਵਿਆਹ ਕਪੂਰਥਲਾ ਵਿਖੇ ਕਿਸੇ ਹੋਰ ਕੁੜੀ ਨਾਲ ਕਰਵਾ ਲਿਆ ਹੈ। ਉਸ ਦੀ ਕੁੜੀ ਸਿਮਰਜੀਤ ਸਿੰਘ ਦੇ ਵਿਆਹ ’ਤੇ ਇਤਰਾਜ਼ ਕਰਦੀ ਸੀ। ਕੁੜੀ ਘਰੋਂ ਟਿਊਸ਼ਨ ਸੈਂਟਰ ਸੁਲਤਾਨਪੁਰ ਲੋਧੀ ਆਈ ਸੀ। ਬਾਅਦ ਦੁਪਹਿਰ ਲੋਹੀਆਂ ਖ਼ਾਸ ਦੇ ਇਕ ਹਸਪਤਾਲ ਤੋਂ ਉਸਨੂੰ ਫੋਨ ’ਤੇ ਇਤਲਾਹ ਮਿਲੀ ਕਿ ਉਸ ਦੀ ਲੜਕੀ ਸਰਬਜੀਤ ਕੌਰ ਦਾ ਐਕਸੀਡੈਂਟ ਹੋ ਗਿਆ ਹੈ, ਜੋ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ: BJP will besiege the Vidhan Sabha: ਬਜਟ ਵਾਲੇ ਦਿਨ ਮਾਨ ਸਰਕਾਰ ਦੀਆਂ ਮੁਸ਼ਕਿਲਾਂ ਵਧਣ ਦੇ ਆਸਾਰ, ਜਾਣੋ ਕਿਵੇਂ
ਕੁੜੀ ਨੂੰ ਮਾਰਨ ਦੀ ਨੀਅਤ ਨਾਲ ਹਾਦਸਾ : ਉਹਨਾਂ ਕਿਹਾ ਕਿ ਜਦੋਂ ਉਹ ਆਪਣੇ ਭਰਾ ਸਵਰਨ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ਪਹੁੰਚੇ ਤਾਂ ਕੁੜੀ ਦੀ ਜਾਨ ਜਾ ਚੁੱਕੀ ਸੀ। ਮੌਕੇ ਤੋਂ ਪੁੱਛ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਸਿਮਰਜੀਤ ਸਿੰਘ ਕੁੜੀ ਨੂੰ ਆਪਣੀ ਕਾਰ ਵਿਚ ਸੁਲਤਾਨਪੁਰ ਲੋਧੀ ਤੋਂ ਲੈ ਕੇ ਲੋਹੀਆ ਸਾਈਡ ਨੂੰ ਆ ਰਿਹਾ ਸੀ। ਉਸਨੇ ਬਾਬਾ ਬੋਹੜੀ ਲੋਹੀਆ ਨੇੜੇ ਆ ਕੇ ਕਾਰ ਖੱਬੀ ਸਾਈਡ ਕਿੱਕਰ ’ਚ ਮਾਰ ਕੇ ਕਥਿਤ ਤੌਰ ’ਤੇ ਫਰਜ਼ੀ ਐਕਸੀਡੈਂਟ ਕੀਤਾ ਹੈ। ਸਿਮਰਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਕੁੜੀ ਨੂੰ ਜ਼ਖਮੀ ਹਾਲਤ ’ਚ ਜੋਸਨ ਹਸਪਤਾਲ ਲੋਹੀਆਂ ਲੈ ਕੇ ਆਏ ਅਤੇ ਬਿਨਾਂ ਦਾਖ਼ਲ ਕਰਾਇਆ ਹੀ ਕੁੜੀ ਦਾ ਮੋਬਾਇਲ ਲੈ ਕੇ ਹਸਪਤਾਲ ਤੋਂ ਫਰਾਰ ਹੋ ਗਏ ਹਨ। ਇਨ੍ਹਾਂ ਨੇ ਕਾਰ ਐਕਸੀਡੈਂਟ ਦਾ ਸਿਰਫ਼ ਵਿਖਾਵਾ ਕੀਤਾ ਹੈ।