ਜਲੰਧਰ: ਮਾਡਲ ਟਾਊਨ ਇਲਾਕੇ ਦੇ ਲਤੀਫਪੁਰਾ ਵਿੱਚ ਅੱਜ ਸਵੇਰੇ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚੀ। ਦਰਅਸਲ ਮਾਡਲ ਟਾਊਨ ਸਥਿਤ ਲਤੀਫ਼ਪੁਰਾ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਇੰਪਰੂਵਮੈਂਟ ਟਰੱਸਟ ਵੱਲੋਂ ਕੀਤੀ ਜਾ ਰਹੀ ਹੈ। ਇਸ ਦਾ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲਤੀਫ਼ਪੁਰਾ ਨੂੰ ਖ਼ਾਲੀ ਕਰਵਾਉਣ ਲਈ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਲਤੀਫ਼ਪੁਰਾ ਦੇ ਲੋਕਾਂ ਨਾਲ ਕਿਸਾਨ ਜੱਥੇਬੰਦੀਆਂ ਵੀ ਉਨ੍ਹਾਂ ਦੀ ਹਮਾਇਤ 'ਚ ਆ ਗਈਆਂ ਹਨ।
ਪੁਲਿਸ ਛਾਉਣੀ 'ਚ ਬਦਲਿਆ ਇਲਾਕਾ: ਅੱਜ ਜਦ ਸਵੇਰੇ ਭਾਰੀ ਮਾਤਰਾ ਵਿਚ ਪੁਲਿਸ ਇੰਪਰੂਵਮੈਂਟ ਟਰੱਸਟ ਦੀ ਟੀਮ ਨਾਲ ਇੱਥੇ ਪਹੁੰਚੀ, ਤਾਂ ਨਾ ਸਿਰਫ ਇੱਥੇ ਰਹ ਰਹੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਨਾਲ ਹੀ ਇਨ੍ਹਾਂ ਲੋਕਾਂ ਦੇ ਹੱਕ ਵਿਚ ਕਿਸਾਨ ਜਥੇਬੰਦੀਆਂ ਵੀ ਇਥੇ ਪਹੁੰਚ ਗਈਆਂ। ਇਸ ਇਲਾਕੇ ਵਿਚ ਪਿਛਲੇ ਕਰੀਬ 70 ਸਾਲ ਤੋਂ ਲੋਕਾਂ ਵੱਲੋਂ ਨਾਜਾਇਜ ਕਬਜਾ ਕੀਤਾ ਗਿਆ ਹੈ ਅਤੇ ਇਥੇ ਆਪਣੇ ਮਕਾਨ ਬਣਾਏ ਹੋਏ ਹਨ।
ਕਿਸਾਨ ਜੱਥੇਬੰਦੀਆਂ ਲੋਕਾਂ ਦੇ ਹੱਕ 'ਚ: ਲੋਕਾਂ ਦਾ ਕਹਿਣਾ ਹੈ ਕਿ ਇੰਪਰੂਵਮੈਂਟ ਟਰੱਸਟ ਦਾ ਜਿੰਨਾ ਇਲਾਕਾ ਹੈ ਉਹ ਉਸ ਦਾ ਕਬਜ਼ਾ ਲੈ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਵੀ ਟਰੱਸਟ ਨਿਸ਼ਾਨਦੇਹੀ ਕਰਵਾ ਲਵੇ, ਜੇਕਰ ਉਨ੍ਹਾਂ ਦੇ ਮਕਾਨ ਟਰੱਸਟ ਦੀ ਹੱਦ ਵਿਚ ਆਉਂਦੇ ਨੇ ਤਾਂ ਉਹ ਖੁਦ ਆਪਣੇ ਮਕਾਨ ਖਾਲੀ ਕਰ ਦੇਣਗੇ। ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਤੋਂ ਹੀ ਇਨ੍ਹਾਂ ਲੋਕਾਂ ਨੇ ਇੱਥੇ ਰੈਣ ਬਸੇਰਾ ਬਣਾਇਆ ਹੋਇਆ ਹੈ। ਨਾਜਾਇਜ਼ ਕਬਜ਼ੇ ਢਾਹੁਣ ਲਈ ਵਿਰੋਧ ਕਰਨ ਵਾਲੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ ਅਤੇ ਬੱਸਾਂ 'ਚ ਫੜ੍ਹ ਕੇ ਇਨ੍ਹਾਂ ਲੋਕਾਂ ਨੂੰ ਲਿਜਾਇਆ ਜਾ ਰਿਹਾ ਹੈ।
ਔਰਤਾਂ ਆਪਣੇ ਉੱਜੜਦੇ ਆਸ਼ੀਆਨੇ ਨੂੰ ਦੇਖ ਕੇ ਰੋ ਰਹੀਆਂ ਹਨ। ਲੋਕਾਂ ਦੇ ਘਰਾਂ 'ਤੇ ਪੀਲਾ ਪੰਜਾ ਚੱਲਿਆ। ਇਲਾਕੇ 'ਚ ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ਦੀ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਟਰੱਕ ਨੇ ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ, ਹਾਦਸੇ ਵਿੱਚ ਦੋ ਡੀਐਸਪੀ ਜ਼ਖ਼ਮੀ