ਜਲੰਧਰ: ਕਹਿੰਦੇ ਨੇ ਕਾਮਯਾਬ ਹੋਣ ਲਈ ਇਨਸਾਨ ਦੇ ਕੱਦ ਦਾ ਵੱਡਾ ਹੋਣਾ ਜ਼ਰੂਰੀ ਨਹੀਂ ਹੈ ਬਲਕਿ ਉਸ ਦੇ ਹੌਸਲਿਆਂ ਦਾ ਵੱਡਾ ਹੋਣਾ ਲਾਜ਼ਮੀ। ਜ਼ਿਲ੍ਹੇ ਦੀ ਹਰਵਿੰਦਰ ਕੌਰ ਵੀ ਬੁਲੰਦ ਹੌਸਲਿਆਂ ਦੀ ਮਿਸਾਲ ਹੈ। ਹਰਵਿੰਦਰ ਕੌਰ ਦਾ ਕੱਦ ਭਾਵੇਂ ਛੋਟਾ ਹੈ ਪਰ ਉਸ ਦੇ ਹੌਸਲੇ ਪਹਾੜ ਜਿਹੇ ਬੁਲੰਦ ਅਤੇ ਵੱਡੇ ਹਨ।ਹਰਵਿੰਦਰ 24 ਸਾਲਾਂ ਦੀ ਹੈ। ਕੱਦ ਛੋਟਾ ਹੋਣ ਕਾਰਨ ਹਰਵਿੰਦਰ ਨੂੰ ਆਪਣੀ ਜ਼ਿੰਦਗੀ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁੱਝ ਕਰ ਗੁਜ਼ਰਨ ਦੇ ਜਜ਼ਬੇ ਨੇ ਉਸ ਨੂੰ ਦੁਨੀਆ ਦੀ ਭੀੜ ਤੋਂ ਵੱਖ ਕੀਤਾ ਅਤੇ ਹਰਵਿੰਦਰ ਅੱਜ ਇੱਕ ਵਕੀਲ ਹੈ।
ਹਰਵਿੰਦਰ ਦੱਸਦੀ ਹੈ ਕਿ ਉਸ ਦੀ ਜ਼ਿੰਦਗੀ ਇੱਕ ਬੱਚੇ ਵਾਂਗ ਸ਼ੁਰੂ ਹੋਈ ਪਰ ਜਿਉਂ-ਜਿਉਂ ਸਮਾਂ ਵਤੀਤ ਹੁੰਦਾ ਗਿਆ ਅਤੇ ਉਸ ਦੀ ਉਮਰ ਵੀ ਵੱਧਦੀ ਗਈ ਪਰ ਉਸ ਦਾ ਕੱਦ ਨਹੀਂ ਵਧਿਆ। ਉਹ ਦੱਸਦੀ ਹੈ ਕਿ ਲੋਕਾਂ ਦੀਆਂ ਤੋਹਮਤਾਂ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ ਅਤੇ ਉਸ ਨੂੰ ਲੱਗਣ ਲੱਗਾ ਕਿ ਉਹ ਕੁੱਝ ਨਹੀਂ ਕਰ ਸਕਦੀ। ਬਾਰਵੀਂ ਕਰਨ ਤੋਂ ਬਾਅਦ ਹਰਵਿੰਦਰ ਨੇ ਆਪਣੇ ਹੌਸਲੇ ਨੂੰ ਇਕੱਠਾ ਕੀਤਾ ਅਤੇ ਲੋਕਾਂ ਦੀਆਂ ਗੱਲਾਂ ਅਤੇ ਤੋਹਮਤਾਂ ਨੂੰ ਝੂਠਾ ਸਾਬਤ ਕਰਨ ਦੀ ਜ਼ਿੱਦ ਫੜੀ।
ਹਰਵਿੰਦਰ ਕਹਿੰਦੀ ਹੈ ਕਿ ਉਸ ਨੇ ਆਪਣੇ ਲਈ ਕੁੱਝ ਕਰਨ ਅਤੇ ਆਪਣੇ ਮਾਪਿਆਂ ਨੂੰ ਮਾਨ ਮਹਿਸੂਸ ਕਰਵਾਉਣ ਦਾ ਇਰਾਦਾ ਪੱਕਾ ਕੀਤਾ। ਜਿਸ ਤੋਂ ਬਾਅਦ ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਅੱਜ ਉਹ ਵਕੀਲ ਹੈ। ਵਕੀਲ ਬਣ ਹਰਵਿੰਦਰ ਨੇ ਉਨ੍ਹਾਂ ਤਮਾਮ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ ਜੋ ਉਸ ਨੂੰ ਛੋਟੇ ਕੱਦ ਕਾਰਨ ਲਾਹਣਤਾਂ ਪਾਉਂਦੇ ਸਨ। ਹਰਵਿੰਦਰ ਕਹਿੰਦੀ ਹੈ ਕਿ ਕੱਦ ਨਹੀਂ ਸੱਗੋਂ ਲੋਕਾਂ ਦਾ ਹੌਸਲਾ ਮਾਇਨੇ ਰੱਖਦਾ ਹੈ।
ਹਰਵਿੰਦਰ ਕਾਨੂੰਨ ਦੀ ਲਾਈਨ ਵੱਲ ਹੀ ਅੱਗੇ ਵੱਧਣਾ ਚਾਹੁੰਦੀ ਹੈ ਅਤੇ ਅੱਗੇ ਚੱਲ ਆਪਣੀ ਜ਼ਿੰਦਗੀ 'ਚ ਜੱਜ ਬਣਨਾ ਚਾਹੁੰਦੀ ਹੈ।
ਹਰਵਿੰਦਰ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਕਿਸੇ ਦੇ ਵੀ ਸ਼ਰੀਰ ਵੱਲ ਧਿਆਨ ਨਾ ਦੇ ਉਸ ਦੇ ਹੁਨਰ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਆਪ ਨੂੰ ਕਮਜ਼ੋਰ ਸਮਝਣ ਵਾਲੇ ਲੋਕਾਂ ਨੂੰ ਅੱਗੇ ਆ ਹੌਸਲੇ ਦੇ ਨਾਲ ਆਪਣੇ ਲਈ ਕੁੱਝ ਕਰ ਗੁਜ਼ਰਨ ਦਾ ਸੁਨੇਹਾ ਦਿੱਤਾ ਹੈ।
ਇਸ ਤਰ੍ਹਾਂ ਆਪਣੇ ਆਪ ਨੂੰ ਕਮਜ਼ੋਰ ਸਮਝਣ ਵਾਲੇ ਲੋਕਾਂ ਲਈ ਹਰਵਿੰਦਰ ਜਿਉਂਦੀ ਜਾਗਦੀ ਮਿਸਾਲ ਹੈ।