ਜਲੰਧਰ: ਕਸਬਾ ਫਿਲੌਰ ਦੇ ਨਾਲ ਲੱਗਦੇ ਪਿੰਡ ਭਾਰਸਿੰਘ ਪੁਰਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨੇੜਲੇ ਸਾਥੀ ਹੋਣ ਕਰਕੇ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਨੂੰ ਐੱਨਆਈਏ ਨੇ ਜ਼ਬਤ ਕਰਨ ਦਾ ਫ਼ੈਸਲਾ ਲਿਆ ਹੈ।
ਕੇਂਦਰ ਸਰਕਾਰ ਵੱਲੋਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਜਾਂ ਅੱਤਵਾਦੀਆਂ ਦੇ ਨਾਲ ਸਬੰਧ ਰੱਖਣ ਵਾਲੇ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਦਿੱਤਾ ਗਿਆ ਹੈ ਅਤੇ ਹਰਦੀਪ ਸਿੰਘ ਨਿੱਝਰ ਜੋ ਕਿ ਇਸ ਸਮੇਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਿਹਾ ਹੈ। ਸਿੱਖ ਆਫ ਜਸਟਿਸ ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਸਬੰਧ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਕੇਂਦਰ ਨੇ ਐਨਆਈਏ ਦੀ ਸਿਫਾਰਿਸ਼ 'ਤੇ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਲਿਆ ਹੈ। ਜਿਸ ਨੂੰ ਲੈ ਕੇ ਜਦੋਂ ਈਟੀਵੀ ਭਾਰਤ ਦੀ ਟੀਮ ਪਿੰਡ ਭਾਰਸਿੰਘ ਪੁਰਾ ਪਹੁੰਚੀ ਤਾਂ ਹਰਦੀਪ ਸਿੰਘ ਨਿੱਝਰ ਦੇ ਘਰ 'ਤੇ ਤਾਲਾ ਲੱਗਾ ਹੋਇਆ ਸੀ।
ਇਸ ਸਬੰਧ ਵਿੱਚ ਜਦੋਂ ਪਿੰਡ ਵਾਸੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੀ ਮਿਲਦੀ ਜੁਲਦੀ ਪ੍ਰਤੀਕਿਰਿਆ ਸਾਹਮਣੇ ਆਈ। ਕੁਝ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਹਰਦੀਪ ਸਿੰਘ ਨਿੱਝਰ 1994 ਵਿੱਚ ਕੈਨੇਡਾ ਚਲਾ ਗਿਆ ਸੀ ਅਤੇ ਉਸ 'ਤੇ ਜੋ ਵੀ ਆਰੋਪ ਲੱਗ ਰਹੇ ਹਨ ਉਹ ਸਹੀ ਹੈ ਅਤੇ ਉਸ ਦੀ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਫੋਟੋ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੈ।
ਪਿੰਡ ਵਾਸੀ ਲਖਵੀਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨਿੱਝਰ ਪਹਿਲਾਂ ਖੇਤੀਬਾੜੀ ਕਰਦਾ ਸੀ। ਫਿਰ ਦੁੱਧ ਵੇਚਣ ਦਾ ਕਾਰੋਬਾਰ ਕਰਨ ਲੱਗਾ। ਉਸ 'ਤੇ ਡਕੈਤੀ ਦਾ ਮਾਮਲਾ ਦਰਜ ਹੋਇਆ ਸੀ ਪਰ ਉਸ ਦੇ ਡਰ ਤੋਂ ਕੋਈ ਵੀ ਉਸ ਦੇ ਬਾਰੇ ਨਹੀਂ ਬੋਲਦਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ 20 ਦਿਨ ਪਹਿਲਾਂ ਹੀ ਉਹ ਵਾਪਸ ਵਿਦੇਸ਼ ਚਲਾ ਗਿਆ ਸੀ ਅਤੇ ਉਸ ਦੇ ਬੱਚੇ ਇੱਥੇ ਆਉਂਦੇ ਰਹਿੰਦੇ ਹਨ।