ਜਲੰਧਰ: ਰਾਜਸਥਾਨ ਤੋਂ ਆ ਰਹੇ ਮਜ਼ਦੂਰਾਂ ਦੀ ਗੱਡੀ ਪਲਟ ਜਾਣ ਕਾਰਨ 6 ਸਾਲਾਂ ਦੀ ਬੱਚੀ ਦੀ ਮੌਤ ਤੇ 5 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਰਾਜਸਥਾਨ ਦੇ ਹਨੂਮਾਨਗੜ੍ਹ ਤੋਂ ਜਲੰਧਰ 'ਚ ਸਥਿਤ ਲੋਹੀਆ ਖ਼ਾਸ ਵੱਲ ਆ ਰਹੇ ਇਨ੍ਹਾਂ ਮਜ਼ਦੂਰਾਂ ਦੀ ਗੱਡੀ, ਡਰਾਈਵਰ ਨੂੰ ਅਚਾਨਕ ਨੀਂਦ ਆ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ।
ਚਸ਼ਮਦੀਦ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਬਰਾਦਰੀ ਦੇ ਕੁਝ ਲੋਕ ਰਾਜਸਥਾਨ ਦੇ ਹਨੂਮਾਨਗੜ੍ਹ ਤੋਂ ਜਲੰਧਰ ਦੀ ਇੰਦਰਾ ਕਲੋਨੀ ਆ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਗੱਡੀ ਲੋਹੀਆ ਖ਼ਾਸ ਲਾਗੇ ਪਹੁੰਚੀ ਤਾਂ ਡਰਾਈਵਰ ਨੂੰ ਅਚਾਨਕ ਨੀਂਦ ਦਾ ਝੋਕਾ ਆ ਗਿਆ ਤੇ ਗੱਡੀ ਪਲਟ ਗਈ। ਮੁਕੇਸ਼ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ 6 ਸਾਲਾਂ ਦੀ ਬੱਚੀ ਦੇ ਸਿਰ 'ਤੇ ਸੱਟ ਵੱਜਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸੇ ਨਾਲ ਹੀ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਥਾਣਾ ਲੋਹੀਆ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕੁਝ ਇੱਕ ਗੱਡੀ ਪਲਟ ਗਈ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਉਹ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉੱਥੇ ਗੱਡੀ ਪਲਟਨ ਕਾਰਨ 6 ਦੇ ਕਰੀਬ ਲੋਕ ਜ਼ਖਮੀ ਸਨ।
ਜਿਨ੍ਹਾਂ ਵਿੱਚ ਇੱਕ ਬੱਸੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬਾਕੀ ਜ਼ਖਮੀ ਸਨ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਲੁਹੀਆ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਸਾਰਿਆਂ ਨੂੰ ਹੀ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਇਨ੍ਹਾਂ ਸਾਰਿਆਂ ਦਾ ਇਲਾਜ ਜਾਰੀ ਹੈ।