ਜਲੰਧਰ: ਆਏ ਦਿਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੀ ਗੱਲ ਕਹੀ ਜਾਂਦੀ ਹੈ। ਕੁਝ ਅਜੀਹੀਆਂ ਹੀ ਹਿਦਾਇਤਾਂ ਸਰਕਾਰ ਨੇ ਕਿਸਾਨਾਂ ਅਤੇ ਖ਼ਰੀਦ ਏਜੰਸੀਆਂ ਨੂੰ ਵੀ ਜਾਰੀ ਕੀਤੀਆਂ ਹਨ ਪਰ ਮੰਡੀ ਵਿੱਚ ਹਾਲਾਤ ਕੁਝ ਹੋਰ ਹੀ ਨਜ਼ਰ ਆ ਰਹੇ ਹਨ।
ਇੱਕ ਪਾਸੇ ਜਿੱਥੇ ਅੱਜ ਜਲੰਧਰ ਦੀ ਅਲਾਵਲਪੁਰ ਮੰਡੀ ਵਿਖੇ ਕਿਸਾਨ ਆਪਣੀ ਕਣਕ ਲੈ ਕੇ ਪਹੁੰਚਿਆ ਉਧਰ ਦੂਜੇ ਪਾਸੇ ਮੰਡੀ ਬੋਰਡ ਦੇ ਅਧਿਕਾਰੀ ਉਸ ਦਾ ਸਵਾਗਤ ਕਰਦੇ ਹੋਏ ਉਸ ਨਾਲ ਹੱਥ ਮਿਲਾ ਕੇ ਗੱਲਵਕੜੀ ਪਾਉਂਦੇ ਹੋਏ ਨਜ਼ਰ ਆਏ।
ਹਾਲਾਂਕਿ ਕਿਸਾਨ ਦਾ ਕਹਿਣਾ ਸੀ ਕਿ ਉਹ ਮੰਡੀ ਵਿੱਚ ਕਣਕ ਲੈ ਕੇ ਤਾਂ ਆ ਗਏ ਨੇ ਪਰ ਇੱਥੇ ਨਾਂ ਤੇ ਲੇਬਰ ਹੈ ਤੇ ਨਾ ਹੀਂ ਹੋਰ ਕੋਈ ਇੰਤਜ਼ਾਮ। ਮੰਡੀ ਅਧਿਕਾਰੀ ਜਸਵੰਤ ਸਿੰਘ ਕੈਂਥ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਇੰਤਜ਼ਾਮ ਦੀ ਕੋਈ ਕਮੀ ਨਹੀਂ ਹੈ ਤੇ ਸਭ ਕੁਝ ਠੀਕ ਚੱਲ ਰਿਹਾ ਹੈ।
ਹੁਣ ਦੇਖਣਾ ਇਹ ਹੈ ਕਿ 20 ਤਰੀਕ ਤੋਂ ਬਾਅਦ ਜਦੋਂ ਕਣਕ ਦੀ ਆਮਦ ਇਨ੍ਹਾਂ ਮੰਡੀਆਂ ਵਿੱਚ ਪੂਰੀ ਤਰ੍ਹਾਂ ਸ਼ੁਰੂ ਹੁੰਦੀ ਹੈ ਤੇ ਸਰਕਾਰ ਦੇ ਕੀਤੇ ਹੋਏ ਦਾਅਵੇ ਕਿੰਨੇ ਸੱਚ ਸਾਬਤ ਹੁੰਦੇ ਹਨ। ਫਿਲਹਾਲ ਅੱਜ ਮੰਡੀ ਵਿੱਚ ਆਏ ਪਹਿਲੇ ਕਿਸਾਨ ਨਾਲ ਮੰਡੀ ਅਧਿਕਾਰੀ ਜਦੋਂ ਹੱਥ ਮਿਲਾਉਂਦੇ ਹੋਏ ਨਜ਼ਰ ਆਏ ਤਾਂ ਇੱਕ ਵਾਰ ਤਾਂ ਇਹ ਸਾਬਤ ਹੋ ਗਿਆ ਕਿ ਸਰਕਾਰ ਦੇ ਨਿਰਧਾਰਿਤ ਕੀਤੇ ਗਏ ਨਿਯਮਾਂ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ।