ਜਲੰਧਰ: ਇਥੋਂ ਦੇ ਸੰਤੋਖਪੁਰਾ ਵਿੱਚ ਦੋ ਧਿਰਾਂ ਵਿਚਕਾਰ ਹੋਏ ਹਿੰਸਕ ਟਕਰਾਅ ਦੌਰਾਨ 3 ਲੋਕਾਂ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਮੁਹੱਲਾ ਵਾਸੀਆਂ ਨੇ ਮੌਕੇ 'ਤੇ 3 ਤੋਂ 4 ਨੌਜਵਾਨਾਂ ਨੂੰ ਕਾਬੂ ਕਰਕੇ ਥਾਣਾ ਨੰਬਰ 8 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਇਸ ਹਮਲੇ ਦਾ ਕਾਰਨ ਕੁੜੀ ਨਾਲ ਛੇੜਛਾੜ ਦੱਸਿਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਲੱਕੀ ਨਾਂਅ ਦੇ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਟਹਿਲ ਰਿਹਾ ਸੀ ਕਿ ਜਿਸ ਦੌਰਾਨ ਗੁਆਂਢ ਵਿੱਚ ਰਹਿਣ ਵਾਲਾ ਨੌਜਵਾਨ ਉਸ ਦੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਆਇਆ। ਆਉਂਦਿਆਂ ਹੀ ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਲੱਕੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕੁਝ ਕਰ ਸਕਦਾ ਕਿ ਡੇਢ ਦਰਜਨ ਤੋਂ ਵੱਧ ਲੋਕਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਅਜਿਹੇ ਵਿੱਚ ਉਹ ਆਪਣੀ ਜਾਨ ਬਚਾ ਕੇ ਘਰ ਦੇ ਵੱਲ ਭੱਜਿਆ ਤਾਂ ਹਮਲਾਵਰਾਂ ਨੇ ਉਸ ਦੇ ਪਿੱਛੇ ਪੈ ਕੇ ਉਸ ਦੇ ਘਰ ਜਾ ਕੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਹੀ ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ 4 ਵਿਅਕਤੀਆਂ ਨੂੰ ਕਾਬੂ ਕਰ ਲਿਆ।
ਉੱਥੇ ਹੀ ਦੂਜੀ ਧਿਰ ਬਲਵਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਲੱਕੀ ਉਨ੍ਹਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਉਸ ਦੇ ਬਾਰੇ ਵਿਚ ਗ਼ਲਤ ਅਫ਼ਵਾਹਾਂ ਫੈਲਾਉਂਦਾ ਹੈ। ਜਿਸ ਨੂੰ ਲੈ ਕੇ ਅੱਜ ਉਸ ਦੇ ਵੱਡੇ ਮੁੰਡੇ ਦੇ ਨਾਲ ਲੱਕੀ ਦਾ ਵਿਵਾਦ ਹੋ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।