ਜਲੰਧਰ: ਪੰਜਾਬੀ ਦਾ ਮਸ਼ਹੂਰ ਗੀਤ ਹੈ 'ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ' ਇਸ ਗੀਤ ਦੀਆਂ ਤੁਕਾਂ ਨੂੰ ਸੱਚ ਕਰਕੇ ਵਿਖਾਇਆ ਹੈ ਜਲੰਧਰ ਦੇ 73 ਸਾਲਾ ਬਲਜੀਤ ਮਹਾਜਨ ਨੇ ਫਰਕ ਇੰਨਾ ਕੁ ਹੈ ਕਿ ਗੀਤ 'ਚ ਭੰਗੜੇ ਦੀ ਗੱਲ ਕੀਤੀ ਗਈ ਹੈ ਅਤੇ ਬਲਜੀਤ ਮਹਾਜਨ ਸਾਈਕਲ ਚਲਾ ਕੇ ਇਸ ਕਹਾਵਤ ਨੂੰ ਸੱਚ ਕਰਕੇ ਦਿਖਾ ਰਹੇ ਹਨ। ਬਲਜੀਤ ਮਹਾਜਨ ਨੂੰ 'ਫਾਦਰ ਆਫ ਸਾਈਕਲਿੰਗ' ਵੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਨੇ 73 ਸਾਲ ਦੀ ਉਮਰ ਵਿੱਚ 1 ਲੱਖ 38 ਹਜ਼ਾਰ ਕਿਲੋਮੀਟਰ ਸਾਈਕਲ ਚਲਾ ਨਾ ਸਿਰਫ ਆਪਣੇ ਸ਼ਹਿਰ ਬਲਕਿ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ।
ਬਲਜੀਤ ਮਹਾਨਜਨ ਨੇ ਸਾਈਕਲ ਚਲਾਉਣ ਪ੍ਰਤੀ ਆਪਣੀ ਇੱਛਾ ਅਤੇ ਉਸ ਨੂੰ ਸਾਈਕਲ ਚਲਾਉਣ ਦੀ ਪ੍ਰੇਰਣਾ ਕਿੱਥੋਂ ਮਿਲੀ ਇਸ ਸੰਬੰਧੀ ਕਈ ਖ਼ੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ 1998 'ਚ ਉਹ ਹੋਲੈਂਡ ਗਏ ਸਨ ਅਤੇ ਉੱਥੇ ਉਨ੍ਹਾਂ ਵੇਖਿਆ ਕਿ ਹਰ ਇੱਕ ਗੱਡੀ ਦੇ ਅੱਗੇ ਪਿੱਛੇ 2-3 ਸਾਈਕਲ ਲਾਜ਼ਮੀ ਹੁੰਦੇ ਸਨ। ਉਨ੍ਹਾਂ ਪੁੱਛਣ 'ਤੇ ਪਤਾ ਲੱਗਾ ਕਿ ਸ਼ਹਿਰ 'ਚ ਜਾਂਦੇ ਹੀ ਭੀੜ ਇੰਨੀ ਵੱਧ ਜਾਂਦੀ ਹੈ ਕਿ ਵਿਅਕਤੀ ਜਾਂ ਤਾਂ ਸਾਈਕਲ 'ਤੇ ਜਾ ਸਕਦਾ ਹੈ, ਜਾਂ ਪੈਦਲ ਜਾਂ ਫੇਰ ਸਕੇਰਟਸ ਰਹੀਂ। ਮਹਾਜਨ ਨੇ ਕਿਹਾ ਉੱਥੇ ਉਨ੍ਹਾਂ ਅਨੁਭਵ ਕੀਤਾ ਕਿ ਇੱਥੇ ਵਧੇਰੇ ਲੋਕ ਸਾਈਕਲ ਚਲਾਉਂਦੇ ਹਨ, ਜਿਸ ਕਾਰਨ ਕੁਦਰਤ ਵੀ ਸਾਫ਼ ਹੈ ਅਤੇ ਲੋਕ ਸਿਹਤਮੰਦ ਵੀ ਵਧੇਰੇ ਹਨ।
ਮਹਾਜਨ ਨੇ ਆਮ ਸਾਈਕਲਾਂ ਅਤੇ ਸਾਈਕਲਿੰਗ ਕਰਨ ਵਾਲੇ ਸਾਈਕਲ 'ਚ ਫ਼ਰਕ ਵੀ ਦੱਸਿਆ ਹੈ। ਬਲਜੀਤ ਮਹਾਜਨ ਬੀਤੇ ਕਈਂ ਸਾਲਾਂ ਤੋਂ ਸਾਈਕਲ ਚਲਾ ਰਹੇ ਹਨ ਅਤੇ ਕਈ ਖ਼ਿਤਾਬ ਆਪਣੇ ਨਾਂਅ ਵੀ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਪਰਿਵਾਰ ਤੋਂ ਪੂਰੀ ਸਪੋਰਟ ਮਿਲਦੀ ਆਈ ਹੈ। ਉਨਾਂ ਕਿਹਾ ਕਿ ਸਾਈਕਲ ਚਲਾਉਣ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉੱਥੇ ਹੀ ਕੁਦਰਤ ਨੂੰ ਵੀ ਮਾਨਣ ਦਾ ਮੌਕਾ ਮਿਲਦਾ ਹੈ। ਸਿਹਤਮੰਦ ਰਹਿਣ ਲਈ ਉਨ੍ਹਾਂ ਸਾਈਕਲ ਨੂੰ ਇੱਕ ਵਧੀਆ ਕਸਰਤ ਦੱਸੀ ਹੈ।
ਮਹਾਜਨ ਦਾ ਕਹਿਣਾ ਹੈ ਕਿ ਭਾਵੇ ਸਾਈਕਲ ਤੋਂ ਉੱਤੇ ਸਵੀਮਿੰਗ ਨੂੰ ਥਾਂ ਦਿੱਤੀ ਗਈ ਹੈ ਪਰ ਸਵੀਮਿੰਗ ਸਮਾਂਬੱਧ ਹੁੰਦੀ ਹੈ ਅਤੇ ਉਸ ਲਈ ਵਾਤਾਵਰਣ ਅਤੇ ਪੁਲ ਦਾ ਸਾਫ਼ ਹੋਣਾ ਵਧੇਰੇ ਲਾਜ਼ਮੀ ਹੁੰਦਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਤੈਰਾਕੀ ਹਰ ਥਾਂ ਨਹੀਂ ਕੀਤੀ ਜਾ ਸਕਦੀ। ਇਸ ਲਈ ਉਨ੍ਹਾਂ ਲੋਕਾਂ ਨੂੰ ਵੀ ਸਵੇਰ ਸ਼ਾਮ ਸਾਈਕਲ ਚਲਾਉਣ ਦੀ ਗੱਲ ਆਖੀ ਹੈ।
ਗੱਲਬਾਤ ਦੌਰਾਨ ਬਲਜੀਤ ਮਹਾਜਨ ਨੇ ਵਧੇਰਾ ਜ਼ੋਰ ਸਿਹਤ ਅਤੇ ਕੁਦਰਤ 'ਤੇ ਪਾਇਆ ਹੈ। ਇਸ ਤਰ੍ਹਾਂ ਬਲਜੀਤ ਮਹਾਜਨ ਦੀ ਕਹਾਣੀ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਜੇਕਰ ਅਸੀਂ ਵੀ ਸਿਹਤਮੰਦ ਅਤੇ ਚੰਗੇ ਵਾਤਾਵਰਣ 'ਚ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਈਕਲ ਚਲਾਉਣ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ।