ਜਲੰਧਰ: ਪੰਜਾਬ ਵਿੱਚ ਕਿਸਾਨਾਂ ਦੀਆਂ ਕਣਕ ਦੀਆਂ ਫਸਲਾਂ ਪੱਕੀਆਂ ਖੜ੍ਹੀਆਂ ਹਨ ਅਤੇ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਾਅਦ ਵੀ ਪੰਜਾਬ ਵਿੱਚ ਕਿਸਾਨ ਖਾਸੇ ਪਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਕਰਕੇ ਕਣਕ ਦੇ ਝਾੜ ਵਿੱਚ ਫ਼ਰਕ ਪਿਆ ਹੈ।
ਇਸ ਦੇ ਨਾਲ ਹੀ ਕਿਸਾਨ ਵਾਢੀ ਤੋਂ ਬਾਅਦ ਕਣਕ ਮੰਡੀ ਵਿੱਚ ਪਹੁੰਚਾਉਣ ਲਈ ਲੇਟ ਹੋ ਰਹੇ ਹਨ ਕਿਉਂਕਿ ਨਾਂ ਤੇ ਵਾਢੀ ਲਈ ਕਮਪੈਨਾਂ ਮਿਲ ਰਹੀਆਂ ਹਨ ਅਤੇ ਨਾ ਹੀ ਪੂਰੀ ਤਰ੍ਹਾਂ ਲੇਬਰ। ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਆਪਣੀ ਪੱਕੀ ਕਣਕ ਨੂੰ ਵੱਢਣ ਲਈ ਕਈ-ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੂੰ ਚਿੰਤਾ ਹੈ ਕਿ ਜੇਕਰ ਫ਼ਸਲ ਹਾਲੇ ਥੋੜ੍ਹੇ ਦਿਨ ਇੰਝ ਹੀ ਖੜ੍ਹੀ ਰਹੀ ਤੇ ਬਰਸਾਤ ਆ ਗਈ ਤਾਂ ਨੁਕਸਾਨ ਹੋਰ ਜ਼ਿਆਦਾ ਵੱਧ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਕੋਰੋਨਾ ਕਰਕੇ ਲੱਗੇ ਕਰਫਿਊ ਦੌਰਾਨ ਮਾਲਵਾ ਇਲਾਕੇ ਤੋਂ ਦੋਆਬਾ ਇਲਾਕੇ ਵਿੱਚ ਕਮਪੈਨਾ ਬਹੁਤ ਘੱਟ ਆਈਆਂ ਅਤੇ ਜੋ ਕਮਪੈਨਾ ਦੋਆਬਾ ਇਲਾਕੇ ਵਿੱਚ ਪਹਿਲੇ ਹੀ ਮੌਜੂਦ ਹਨ ਉਨ੍ਹਾਂ ਦੇ ਡਰਾਈਵਰ ਅਤੇ ਟੈਕਨੀਸ਼ੀਅਨ ਮਾਲਵੇ ਤੋਂ ਇੱਥੇ ਨਹੀਂ ਆਏ ਜਿਸ ਕਰਕੇ ਫ਼ਸਲ ਦੀ ਵਾਢੀ ਵਿੱਚ ਕਾਫ਼ੀ ਸਮੱਸਿਆ ਆ ਰਹੀ ਹੈ।
ਉੱਧਰ ਦੂਜੇ ਪਾਸੇ ਵੱਢੀ ਹੋਈ ਫ਼ਸਲ ਨੂੰ ਮੰਡੀ ਵਿੱਚ ਪਹੁੰਚਾਉਣਾ ਵੀ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਪਹਿਲਾਂ ਹੀ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ। ਕਿਸਾਨਾਂ ਨੇ ਪੰਜਾਬ ਵਿੱਚ ਆਉਣ ਵਾਲੀ ਇੱਕ ਵੱਡੀ ਸਮੱਸਿਆ ਬਾਰੇ ਦੱਸਦਿਆਂ ਕਿਹਾ ਕਿ ਗੰਨਾ ਮਿੱਲਾਂ ਵੱਲੋਂ ਕਿਸਾਨਾਂ ਦਾ ਬਕਾਇਆ ਨਾ ਦਿੱਤੇ ਜਾਣ ਤੇ ਇਸ ਵਾਰ ਕਿਸਾਨਾਂ ਨੇ ਗੰਨੇ ਦੀ ਫ਼ਸਲ ਨਹੀਂ ਲਗਾਈ ਹੈ ਜਿਸ ਕਰਕੇ ਹੁਣ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਜਗ੍ਹਾ ਝੋਨੇ ਦੀ ਫ਼ਸਲ ਲਗਾਉਣੀ ਪਏਗੀ। ਇਸ ਨਾਲ ਪੰਜਾਬ ਵਿੱਚ ਪਾਣੀ ਦਾ ਪੱਧਰ ਹੋਰ ਨੀਵਾਂ ਚਲਾ ਜਾਏਗਾ। ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ।