ਜਲੰਧਰ: ਅੱਜ ਬੰਦ ਦੌਰਾਨ ਕੁੱਝ ਸ਼ਰਾਰਤੀ ਲੋਕਾਂ ਨੇ ਜੋਤੀ ਚੌਂਕ ਵਿਖੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਨਾ ਸਿਰਫ਼ ਸਬਜ਼ੀਆਂ ਖਿਲਾਰ ਦਿੱਤੀਆਂ ਗਈਆਂ ਨਾਲ ਹੀ ਉਨ੍ਹਾਂ ਦੇ ਗੱਲਿਆਂ ਵਿੱਚੋਂ ਪੈਸੇ ਵੀ ਕੱਢ ਲਏ ਗਏ। ਇਹੀ ਨਹੀਂ ਇੰਨ੍ਹਾਂ ਦੁਕਾਨਦਾਰਾਂ ਅਨੁਸਾਰ ਇੰਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਮੋਬਾਈਲ ਵੀ ਖੋਹ ਲਏ।
ਜਿੱਥੇ ਇੱਕ ਪਾਸੇ ਅੱਜ ਵਾਲਮੀਕਿ ਸਮਾਜ ਵਲੋਂ ਪੰਜਾਬ ਬੰਦ ਦਾ ਐਲਾਨ ਕਰਨ ਤੋਂ ਬਾਅਦ ਪੂਰੇ ਤੌਰ 'ਤੇ ਜਲੰਧਰ ਦੇ ਬਾਜ਼ਾਰਾਂ ਨੂੰ ਵੀ ਬੰਦ ਕਰਵਾਇਆ ਗਿਆ ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖੁੱਲ੍ਹੀਆਂ ਹੋਈਆਂ ਦੁਕਾਨਾਂ ਦੇ ਸਾਮਾਨ ਨਾਲ ਛੇੜਛਾੜ ਅਤੇ ਉੱਥੋਂ ਪੈਸੇ ਚੋਰੀ ਕਰਨ ਦੇ ਮਾਮਲੇ ਵੀ ਸਾਹਮਣੇ ਆਏ।
ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਜੋਤੀ ਚੌਕ ਵਿਖੇ ਸਾਹਮਣੇ ਆਇਆ ਹੈ, ਇਸ ਇਲਾਕੇ ਦੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਇਲਜ਼ਾਮ ਲਾਏ ਹਨ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੀਆਂ ਸਬਜ਼ੀਆ ਖਿਲਾਰ ਦਿੱਤੀਆ ਗਈਆਂ, ਗੱਲੇ ਵਿੱਚੋਂ ਪੈਸੇ ਵੀ ਕੱਢੇ ਗਏ ਅਤੇ ਉਨ੍ਹਾਂ ਦੇ ਮੋਬਾਈਲ ਵੀ ਖੋਹ ਲਏ ਗਏ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਕੱਲ੍ਹ ਸ਼ਾਮ ਤੱਕ ਬੰਦ ਬਾਰੇ ਕੋਈ ਪੱਕਾ ਪਤਾ ਨਹੀਂ ਸੀ ਅਤੇ ਅੱਜ ਸਵੇਰੇ ਜਦੋਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਤਾਂ ਕੁੱਝ ਲੋਕਾਂ ਨੇ ਆ ਕੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ। ਪਰ ਇਸ ਦੇ ਬਾਵਜੂਦ ਵੀ ਕੁੱਝ ਸ਼ਰਾਰਤੀ ਲੋਕਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਪਈਆਂ ਸਬਜ਼ੀਆਂ ਨੂੰ ਜ਼ਮੀਨ ਉੱਤੇ ਖਿਲਾਰਦੇ ਹੋਏ ਉਨ੍ਹਾਂ ਦੇ ਗੱਲਿਆਂ ਵਿੱਚੋਂ ਪੈਸੇ ਕੱਢ ਲਏ ਗਏ ਅਤੇ ਉਨ੍ਹਾਂ ਦੇ ਹੱਥੋਂ ਮੋਬਾਈਲ ਵੀ ਖੋਹ ਕੇ ਲੈ ਗਏ।