ਜਲੰਧਰ: ਸਥਾਨਕ ਦੇਵੀ ਤਲਾਬ ਮੰਦਿਰ ਵਿੱਚ ਕੋਰੋਨਾ ਵਾਇਰਸ ਤੋਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਕਈ ਪ੍ਰਬੰਧ ਕੀਤੇ ਹਨ। ਇਸ ਤਹਿਤ ਹੀ ਮੰਦਿਰ ਕਮੇਟੀ ਵੱਲੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸੈਨੀਟਾਇਜ਼ਰ ਨਾਲ ਹੱਥ ਸਾਫ਼ ਕਰਵਾਏ ਜਾ ਰਹੇ ਹਨ ਤੇ ਨਾਲ ਹੀ ਮਾਸਕ ਦਿੱਤੇ ਜਾ ਰਹੇ ਹਨ।
ਮੰਦਿਰ ਕਮੇਟੀ ਦੇ ਪ੍ਰਬੰਧ ਦੀ ਸ਼ਰਧਾਲੂਆਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੱਥ ਸੈਨੇਟਾਇਜ਼ ਕੀਤੇ ਗਏ ਤੇ ਨਾਲ ਹੀ ਉਨ੍ਹਾਂ ਨੂੰ ਮਾਸਕ ਦਿੱਤਾ ਗਿਆ। ਇਸ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਉੱਥੇ ਹੀ ਮੰਦਿਰ ਦੇ ਪੰਡਿਤ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਕਈ ਤਰ੍ਹਾਂ ਦੇ ਲੋਕ ਆਉਂਦੇ ਹਨ ਤੇ ਕਿਸੇ ਨੂੰ ਵੀ ਵਾਇਰਸ ਹੋ ਸਕਦਾ ਹੈ ਜਿਸ ਤੋਂ ਬਚਾਅ ਲਈ ਮੰਦਿਰ ਕਮੇਟੀ ਨੇ ਇਹ ਪ੍ਰਬੰਧ ਕੀਤੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਖ਼ੌਫ਼ ਇੰਨਾਂ ਕੁ ਵੱਧ ਗਿਆ ਹੈ ਕਿ ਹਰ ਥਾਂ ਲੋਕ ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਉੱਥੇ ਹੀ ਹੁਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ ਵੀ ਹੋ ਚੁੱਕੀਆਂ ਹਨ ਤੇ ਨਾਲ ਹੀ 117 ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹਸਪਤਾਲ ਦੇ ਨਾਲ-ਨਾਲ ਮੰਦਿਰਾਂ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।