ਜਲੰਧਰ : ਸਰਕਾਰ ਦੀ ਲੱਖ ਕੋਸ਼ਸ਼ ਦੇ ਬਾਵਜੂਦ ਵੀ ਕਾਫ਼ੀ ਕਿਸਾਨ ਪਰਾਲੀ ਜਲਾਉਣ ਤੋਂ ਬਾਜ਼ ਨਹੀਂ ਆ ਰਹੇ ।ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਕਿਸਾਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ , ਪਰ ਕੁੱਝ ਕਿਸਾਨ ਅਜਿਹੇ ਵੀ ਸੀ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ । ਉਨ੍ਹਾਂ ਦਾ ਨਾ ਸਿਰਫ਼ ਆਰਥਿਕ ਲਾਭ ਹੋਇਆ ਬਲਕਿ ਪਿਛਲੇ ਦਿਨੀਂ ਹੋਈ ਬਾਰਿਸ਼ ਵਿੱਚ ਕਣਕ ਦੀ ਫ਼ਸਲ ਖ਼ਰਾਬ ਵੀ ਨਹੀਂ ਹੋਈ ।
ਪਰਾਲੀ ਨਾ ਸਾੜਣ ਵਾਲੇ ਕਿਸਾਨ ਹੁਣ ਬਾਕੀ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਣ ਦੀ ਅਪੀਲ ਕਰ ਰਹੇ ਹਨ।ਜ਼ਿਲ੍ਹਾ ਜਲੰਧਰ ਵਿੱਚ ਪਰਾਲੀ ਨੂੰ ਸਾੜਨ ਦੀ ਬਜਾਏ ਜ਼ਮੀਨ ਵਿੱਚ ਇਸਤੇਮਾਲ ਕਰਨ ਵਾਲੇ ਕਿਸਾਨਾਂ ਨੂੰ ਦੁਹਰਾ ਲਾਭ ਹੋ ਰਿਹਾ ਹੈ ਇੱਕ ਤਾਂ ਸਰਕਾਰ ਦੀ ਸਖਤ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਦੂਜਾ ਤਿੰਨ ਦਿਨ ਤੱਕ ਹੋਈ ਬਾਰਿਸ਼ ਨਾਲ ਫ਼ਸਲ ਵੀ ਬਰਬਾਦ ਹੋਣੋਂ ਵੀ ਬਚ ਗਈ।
ਇਸ ਗੱਲ ਦਾ ਖ਼ੁਲਾਸਾ ਜ਼ਿਲ੍ਹਾ ਜਲੰਧਰ ਦੇ ਖੇਤੀਬਾੜੀ ਅਫਸਰ ਦੀ ਜਾਂਚ ਤੋਂ ਬਾਅਦ ਹੋਇਆ ਹੈ ਖੇਤੀਬਾੜੀ ਅਫਸਰ ਡਾ. ਨਰੇਸ਼ ਗੁਲਾਟੀ ਅਤੇ ਹੋਰ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਚਮਿਆਰਾ, ਨਿਹਾਲਾ, ਮੰਡ ਅਤੇ ਹੋਰ ਪਿੰਡਾਂ ਦਾ ਦੌਰਾ ਕਰ ਦੱਸਿਆ ਕਿ ਜ਼ਿਲ੍ਹੇ ਵਿੱਚ 35 ਸੁਪਰ ਸੀਡਰ ਮਸ਼ੀਨਾਂ ਦੀ ਮਦਦ ਨਾਲ 5250 ਏਕੜ ਜ਼ਮੀਨ ਤੇ ਫਸਲ ਬੀਜੀ ਗਈ ਅਤੇ ਹੈਪੀ ਸੀਡਰ ਮਸ਼ੀਨ ਦੀ ਮਦਦ ਨਾਲ 67500 ਏਕੜ ਜ਼ਮੀਨ ਤੇ ਕਣਕ ਬੀਜੀ ਗਈ ਹੈ।
ਪਿੰਡ ਚਮਿਆਰਾ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੁਪਰ ਸੀਡਰ ਮਸ਼ੀਨ ਦਾ ਇਸਤੇਮਾਲ ਕਰ ਕੇ 150 ਏਕੜ ਜ਼ਮੀਨ ਤੇ ਫਸਲ ਬੀਜੀ ਸੀ ।
ਇਹ ਵੀ ਪੜ੍ਹੋ: ਉਨਾਓ ਮਾਮਲਾ: ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਸੇਂਗਰ ਸਮੇਤ 7 ਨੂੰ 10 ਸਾਲ ਦੀ ਸਜ਼ਾ
ਉਨ੍ਹਾ ਕਿਹਾ ਕਿ ਤੇਜ਼ ਹਨੇਰੀ ਅਤੇ ਮੀਂਹ ਦਾ ਫਸਲ ਤੇ ਕੋਈ ਬੁਰਾ ਅਸਰ ਨਹੀਂ ਪਿਆ। ਪਿੰਡ ਦੇ ਇੱਕ ਹੋਰ ਕਿਸਾਨ ਹਰਜਿੰਦਰ ਸਿੰਘ ਦੇ ਮੁਤਾਬਕ ਮਸ਼ੀਨ ਦੀ ਮਦਦ ਨਾਲ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਇਸਤੇਮਾਲ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਦੁੱਗਣਾ ਫਾਇਦਾ ਹੋਇਆ ਹੈ।