ਜਲੰਧਰ: ਜੇ ਇਨਸਾਨ ਦੇ ਅੰਦਰ ਉੱਡਣ ਦਾ ਹੌਸਲਾ ਹੋਵੇ ਤਾਂ ਖੰਭ ਕੋਈ ਮਾਇਨੇ ਨਹੀਂ ਰੱਖਦੇ, ਉਹ ਆਪਣੀ ਤਰੱਕੀ ਤੇ ਸੁਪਨਿਆਂ ਨੂੰ ਹਾਸਿਲ ਕਰਨ ਦੇ ਤਰੀਕੇ ਖ਼ੁਦ-ਬ-ਖ਼ੁਦ ਹੀ ਲੱਭ ਲੈਂਦਾ ਹੈ। ਅਜਿਹੀ ਹੀ ਇੱਕ ਮਿਸਾਲ ਜਲੰਧਰ ਦੇ ਦਿਵਿਆਂਗ ਵਿਨੋਦ ਫਕੀਰਾ ਨੇ ਕਾਇਮ ਕੀਤੀ ਹੈ, ਜੋ ਦੋਵਾਂ ਪੈਰਾਂ ਤੋਂ ਚਲ ਫਿਰ ਨਹੀਂ ਸਕਦਾ ਪਰ ਉਸ ਨੇ ਆਪਣੀ ਕਲਮ ਦੀ ਕਾਬਲੀਅਤ ਦੇ ਦਮ 'ਤੇ ਇਨ੍ਹੇ-ਕੁ-ਮੁਕਾਮ ਹਾਸਿਲ ਕੀਤੇ ਕਿ ਉਸ ਦੀ ਚਾਰੇ ਪਾਸੇ ਸ਼ਲਾਘਾ ਹੁੰਦੀ ਹੈ।
ਵਿਨੋਦ ਫਕੀਰਾ ਜਲੰਧਰ ਨਗਰ ਨਿਗਮ ਕਮਿਸ਼ਨਰ ਦਫ਼ਤਰ ਵਿੱਚ ਤੈਨਾਤ ਹਨ। ਜ਼ਿੰਦਗੀ ਦੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਵਿਨੋਦ ਨੇ ਸਾਬਿਤ ਕਰ ਦਿੱਤਾ ਕਿ ਸਰੀਰ ਦੇ ਜੇਕਰ ਸਾਰੇ ਅੰਗ ਵੀ ਕੰਮ ਨਾ ਕਰਦੇ ਹੋਣ ਫਿਰ ਵੀ ਤਰੱਕੀ ਹਾਸਿਲ ਕੀਤੀ ਜਾ ਸਕਦੀ ਹੈ।
ਕਵਿਤਾਵਾਂ ਨੇ ਦਵਾਇਆ ਜ਼ਿੰਦਗੀ ਵਿੱਚ ਬਹੁਤ ਸਨਮਾਨ
ਦਿਵਿਆਂਗ ਹੋਣ ਦਾ ਦਰਦ ਵਿਨੋਦ ਬਾਖੂਬੀ ਜਾਣਦੇ ਹਨ ਤੇ ਇਸ ਦਰਦ ਨੂੰ ਉਹ ਆਪਣੀਆਂ ਕਵਿਤਾਵਾਂ ਜ਼ਰੀਏ ਲੋਕਾਂ ਦੇ ਸਾਹਮਣੇ ਵੀ ਰੱਖਦੇ ਹਨ। ਲੋਕਾਂ ਨੂੰ ਝੰਜੋੜਨ ਵਾਲੀਆਂ ਇਹ ਕਵਿਤਾਵਾਂ ਉਸ ਦੇ ਸੂਬਾ ਪੱਧਰੀ ਸਨਮਾਨ ਦਾ ਜ਼ਰੀਆਂ ਵੀ ਬਣੀਆਂ।
ਮੇਰੇ ਜੀਵਨਸਾਥੀ ਨੇ ਨਹੀਂ ਛੱਡਿਆ ਕਦੇ ਮੇਰਾ ਸਾਥ
ਇਸ ਮੁਸ਼ਕਿਲ ਘੜੀ ਵਿੱਚ ਵਿਨੋਦ ਦਾ ਸਹਾਰਾ ਬਣਨ ਤੇ ਹੌਸਲਾ ਅਫਜ਼ਾਈ ਕਰਨ ਵਾਲੀ ਉਨ੍ਹਾਂ ਦੀ ਪਤਨੀ, ਵਿਨੋਦ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ ਤੇ ਕਿਤੇ ਨਾ ਕਿਤੇ ਵਿਨੋਦ ਦੀ ਸਫ਼ਲਤਾ ਪਿਛੇ ਗੁਰਵੰਸ਼ ਕੌਰ ਦਾ ਵੀ ਅਹਿਮ ਯੋਗਦਾਨ ਹੈ।
ਦੁਨੀਆਂ ਵਿੱਚ ਉਹ ਵੀ ਲੋਕ ਨੇ ਜਿਨ੍ਹਾਂ ਦੇ ਸਰੀਰ ਦੇ ਸਾਰੇ ਅੰਗ ਹੁੰਦੇੇ ਹਨ ਪਰ ਉਹ ਆਪਣੇ ਹੌਸਲਿਆਂ ਦੀ ਉਡਾਰੀ ਨਹੀਂ ਉੱਡ ਸਕਦੇ। ਅਜਿਹੇ ਲੋਕਾਂ ਨੂੰ ਵਿਨੋਦ ਦੇ ਜਜ਼ਬੇ ਤੇ ਜਨੂੰਨ ਤੋਂ ਸੇਧ ਲੈਣ ਦੀ ਲੋੜ ਹੈ। ਈਟੀਵੀ ਭਾਰਤ ਵਿਨੋਦ ਫਕੀਰਾ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ ਕਰਦਾ ਹੈ।