ਚੰਡੀਗੜ੍ਹ: ਸੈਕਟਰ 38 'ਚ ਵੀਰਵਾਰ ਸ਼ਾਮ ਨੂੰ ਨਾਕੇਬੰਦੀ ਦੌਰਾਨ ਇਕ ਚਿੱਟੇ ਰੰਗ ਦੀ ਮਾਰੂਤੀ ਫਰੋਂਕਸ ਕਾਰ ਸਵਾਰ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਅਤੇ ਆਪਣੇ ਸਾਥੀ ਨੂੰ ਛੱਡਾ ਕੇ ਫ਼ਰਾਰ ਹੋ ਗਿਆ। ਇਹ ਘਟਨਾ ਥਾਣਾ 39 ਖੇਤਰ ਦੀ ਹੈ, ਜਿੱਥੇ ਕਾਂਸਟੇਬਲ ਪ੍ਰਦੀਪ ਅਤੇ ਜ਼ਿਲ੍ਹਾ ਕ੍ਰਾਈਮ ਸੈੱਲ ਦੇ ਸੀਨੀਅਰ ਕਾਂਸਟੇਬਲ ਦੀਪ 'ਤੇ ਹਮਲਾ ਕੀਤਾ ਗਿਆ। ਹਾਲਾਂਕਿ ਪੁਲਿਸ ਵਲੋਂ ਕੋਈ ਅਧਿਕਾਰਿਤ ਬਿਆਨ ਤਾਂ ਨਹੀਂ ਆਇਆ ਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਾਕੇਬੰਦੀ ਦੌਰਾਨ ਰੋਕਣ ਉੱਤੇ ਫਾਇਰਿੰਗ
26 ਜਨਵਰੀ ਦੇ ਮੱਦੇਨਜ਼ਰ ਥਾਣਾ 39 ਦੇ ਕਾਂਸਟੇਬਲ ਪ੍ਰਦੀਪ ਨੇ ਸੈਕਟਰ 38 ਏ ਦੀ ਈਡਬਲਿਊਐਸ ਕਲੋਨੀ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਮਾਰੂਤੀ ਫਰੋਂਕਸ ਕਾਰ 'ਤੇ ਪ੍ਰਦੀਪ ਨੂੰ ਸ਼ੱਕ ਹੋ ਗਿਆ। ਉਸ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਕਾਰ ਭਜਾ ਕੇ ਲੈ ਗਿਆ। ਕੁਝ ਦੂਰੀ 'ਤੇ ਉਸ ਨੇ ਕਾਰ 'ਚੋਂ ਇਕ ਵਿਅਕਤੀ ਨੂੰ ਹੇਠਾਂ ਉਤਾਰਿਆ, ਜਿਸ ਨੂੰ ਕਾਂਸਟੇਬਲ ਪ੍ਰਦੀਪ ਨੇ ਫੜ੍ਹ ਲਿਆ।
ਫੜੇ ਜਾਣ 'ਤੇ ਡਰਾਈਵਰ ਨੇ ਗੋਲੀ ਚਲਾਈ
ਇਸ ਦੌਰਾਨ ਕਾਰ ਚਾਲਕ ਨੇ ਵਾਪਸ ਆ ਕੇ ਆਪਣੇ ਸਾਥੀ ਨੂੰ ਛੁਡਾਉਣ ਲਈ ਕਾਂਸਟੇਬਲ ਦੇ ਉੱਪਰ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਜ਼ਿਲ੍ਹਾ ਕ੍ਰਾਈਮ ਸੈੱਲ ਦੇ ਸੀਨੀਅਰ ਕਾਂਸਟੇਬਲ ਦੀਪ ਨੇ ਪ੍ਰਦੀਪ ਦੀ ਮਦਦ ਕੀਤੀ ਅਤੇ ਦੋਵਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ। ਫੜੇ ਜਾਣ 'ਤੇ ਮੁਲਜ਼ਮ ਨੇ ਕਾਰ 'ਚੋਂ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਦੀਪ ਵੱਲ ਵੀ ਚਲਾਈ ਗਈ। ਦੀਪ ਨੇ ਹੇਠਾਂ ਝੁਕ ਕੇ ਜਾਨ ਬਚਾਈ, ਪਰ ਇਸ ਦੌਰਾਨ ਮੁਲਜ਼ਮ ਦਾ ਸਾਥੀ ਭੱਜ ਗਿਆ ਅਤੇ ਮੁਲਜ਼ਮ ਵੀ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਿਆ।
ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਅਚਾਨਕ ਇਹ ਸਭ ਵਾਪਰਿਆ, ਤਾਂ ਸਭ ਨੇ ਰੌਲਾ ਪਾਇਆ ਕਿ ਆਖਿਰ ਕੀ ਹੋਇਆ। ਸਥਾਨਕ ਵਾਸੀਆਂ ਮੁਤਾਬਿਕ ਪੁਲਿਸ ਵਲੋਂ ਜੋ ਕਾਰਵਾਈ ਕੀਤੀ ਗਈ, ਉਹ ਠੀਕ ਹੈ, ਪਰ ਇੱਥੇ ਆਏ ਦਿਨ ਵਾਰਦਾਤਾਂ ਹੁੰਦੀਆਂ ਹਨ, ਜਿਨ੍ਹਾਂ ਦੀ ਸ਼ਿਕਾਇਤਾਂ ਵੀ ਦਿੱਤੀਆਂ ਹੋਈਆਂ ਹਨ।