ਜਲੰਧਰ: ਫਿਲੌਰ ਦੇ ਸਤਲੁਜ ਦਰਿਆ ਦੇ ਕੰਢੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ। ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ 3 ਦਿਨ ਪਹਿਲਾਂ ਉਸ ਦਾ ਪਿਤਾ ਸਤਨਾਮ ਸਿੰਘ ਗੱਡੀ ਵਿੱਚ ਗੁੜ ਦੀ ਸਪਲਾਈ ਦੇਣ ਸਤਲੁਜ ਦਰਿਆ ਦੇ ਕਿਨਾਰੇ ਸ਼ਰਾਬ ਬਣਾਉਣ ਵਾਲੇ ਕੁਲਬੀਰ ਦੇ ਕੋਲ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਨਹੀਂ ਆਏ ਤਿੰਨ ਦਿਨਾਂ ਬਾਅਦ ਅੱਜ ਉਸ ਦੀ ਲਾਸ਼ ਦਰਿਆ ਦੇ ਕਿਨਾਰੇ ਤੋਂ ਮਿਲੀ ਹੈ।
ਬੇਟੇ ਨੇ ਅੱਗੇ ਦੱਸਿਆ ਉਸ ਦੇ ਪਿਤਾ ਦੇ ਨਾਲ ਮਾਰਕੁੱਟ ਕਰ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਉਸ ਦੇ ਪਿਤਾ ਦੀ ਲਾਸ਼ ਦੇ ਚਿਹਰੇ ਉੱਤੇ ਜ਼ਖਮਾਂ ਦੇ ਨਿਸ਼ਾਨ ਵੀ ਹਨ ਅਤੇ ਲਹੂ ਵੀ ਨਿਕਲ ਰਿਹਾ ਸੀ। ਮ੍ਰਿਤਕ ਦੇ ਬੇਟੇ ਨੇ ਦੋਸ਼ ਲਾਏ ਹਨ ਕਿ ਸ਼ਰਾਬ ਤਸਕਰ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੇ ਪਿਤਾ ਦੀ ਹੱਤਿਆ ਕੀਤੀ ਹੈ।
ਪੁਲਿਸ ਨੇ 174 ਦਾ ਮਾਮਲਾ ਦਰਜ ਕਰਨ ਲਈ ਕਿਹਾ ਹੈ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ 302 ਦਾ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਨੂੰ ਲੈ ਕੇ ਸਬ-ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਲੁਜ ਦਰਿਆ ਦੇ ਕੋਲ ਇੱਕ ਲਾਸ਼ ਮਿਲੀ ਸੀ, ਜਿਸ ਦਾ ਚਿਹਰਾ ਕਾਲਾ ਪਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉੱਕਤ ਵਿਅਕਤੀ ਦੀ ਮੌਤ ਦਿਲ ਦੇ ਦੌਰੇ ਜਾਂ ਬ੍ਰੇਨ ਹੈਮਰੇਜ ਨਾਲ ਹੋਈ ਲੱਗਦੀ ਹੈ। ਬਾਕੀ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਗੁੜ ਦੇਣ ਗਿਆ ਸੀ ਅਤੇ ਉਸੇ ਸਮੇਂ ਐਕਸਾਈਜ਼ ਵਾਲਿਆਂ ਦੀ ਗੱਡੀ ਅੰਦਰ ਦੇਖ ਉਹ ਭੱਜ ਗਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਉਸ ਦਾ ਪਿੱਛਾ ਕੀਤਾ।
ਉੱਥੇ ਹੀ ਪੁਲਿਸ ਅਧਿਕਾਰੀ ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।