ਜਲੰਧਰ: ਕਹਿੰਦੇ ਨੇ ਇੱਕ ਵਪਾਰੀ ਦਾ ਬੱਚਾ ਵਪਾਰੀ ਬਣਦਾ ਹੈ,ਕਿਸੇ ਅਫ਼ਸਰ ਦਾ ਬੱਚਾ ਅਫ਼ਸਰ ਬਣਦਾ ਹੈ , ਡਾਕਟਰ ਦਾ ਬੱਚਾ ਡਾਕਟਰ ਬਣਦਾ ਹੈ ਜਾਂ ਫਿਰ ਇਕ ਵਕੀਲ ਦਾ ਬੱਚਾ ਵਕੀਲ ਬਣਦਾ ਹੈ ਤਾਂ ਇਹ ਇੱਕ ਆਮ ਗੱਲ ਹੁੰਦੀ ਹੈ। ਪਰ ਇਹੀ ਗੱਲ ਉਸ ਵੇਲੇ ਖਾਸ ਹੋ ਜਾਂਦੀ ਹੈ ਜਦ ਇੱਕ ਆਮ ਘਰ ਦਾ ਬੱਚਾ ਉਚੀਆਂ ਉਚਾਈਆਂ ਨੂੰ ਛੂਹ ਲਵੇ ਅਤੇ ਉਹ ਕੰਮ ਕਰਕੇ ਦਿਖਾ ਦੇਵੇ ਜੋ ਉਸ ਦੇ ਪਰਿਵਾਰ ਵਿੱਚ ਹੀ ਨਹੀਂ ਬਲਕਿ ਉਸ ਦੇ ਪੂਰੇ ਪਿੰਡ ਵਿੱਚ ਵੀ ਕਿਸੇ ਨੇ ਨਾ ਕੀਤਾ ਹੋਵੇ। ਇੱਕ ਅਜਿਹੀ ਹੀ ਲੜਕੀ ਹੈ ਜਲੰਧਰ ਦੀ ਜਸਮੀਤ ਕੌਰ ਜਿਸ ਨੇ ਆਪਣੀ ਕੜੀ ਮਿਹਨਤ ਨਾਲ ਜੱਜ ਬਣਨ ਦੀ ਪੜ੍ਹਾਈ ਕੀਤੀ ਅਤੇ ਪ੍ਰੀਖਿਆ ਕਲੀਅਰ ਕਰਕੇ ਹੁਣ ਜੱਜ ਬਣਨ ਜਾ ਰਹੀ ਹੈ।
ਇਕ ਬੇਹੱਦ ਸਾਧਾਰਨ ਪਰਿਵਾਰ ਦੀ ਧੀ ਬਣੀ ਜੱਜ: ਦੱਸ ਦਈਏ ਕਿ ਜਲੰਧਰ ਦੇ ਦਕੋਹਾ ਪਿੰਡ ਦੀ ਭੀੜੀ ਜਿਹੀ ਗਲੀ ਵਿੱਚ ਕਈ ਦਹਾਕਿਆਂ ਪੁਰਾਣਾ ਇਕ ਮਕਾਨ ਅੱਜ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ,ਕਿਉਂਕਿ ਇਸ ਘਰ ਦੀ ਧੀ ਜੱਜ ਬਣੀ ਹੈ। ਜਸਮੀਤ ਕੌਰ ਨੇ 2019 ਵਿਚ ਐੱਲਐੱਲਬੀ ਕੀਤੀ ਅਤੇ ਉਸ ਸਮੇਂ ਇਸ ਪੜ੍ਹਾਈ ਵਿੱਚ ਗੋਲਡ ਮੈਡਲ ਹਾਸਲ ਕੀਤਾ, ਪਰ ਇਸ ਦੇ ਪਿੱਛੇ ਜਸਮੀਤ ਕੌਰ ਦੇ ਪਿਤਾ ਪਰਮਜੀਤ ਸਿੰਘ ਦਾ ਖਾਸਾ ਯੋਗਦਾਨ ਰਿਹਾ ਹੈ। ਪਰਮਜੀਤ ਸਿੰਘ ਜੋ ਕਿ ਕੱਪੜੇ ਦੇ ਇਕ ਸਾਧਾਰਨ ਵਪਾਰੀ ਨੇ ਅਤੇ ਜਲੰਧਰ ਦੇ ਅਲੱਗ ਅਲੱਗ ਪਿੰਡਾਂ ਵਿੱਚ ਆਪਣੇ ਮੋਟਰਸਾਈਕਲ ਅਤੇ ਸਾਈਕਲ ਤੇ ਕੱਪੜੇ ਰੱਖ ਕੇ ਪਿੰਡ ਪਿੰਡ ਜਾ ਕੇ ਵੇਚਣ ਦਾ ਕੰਮ ਕਰਦੇ ਨੇ ਅੱਜ ਸਿਰ ਉੱਚਾ ਕਰਕੇ ਪੂਰੇ ਪਿੰਡ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਹਨ।
ਪਰਮਜੀਤ ਸਿੰਘ ਮੁਤਾਬਕ ਉਨ੍ਹਾਂ ਦਾ ਘਰ ਪਿੰਡ ਦੇ ਬਣੇ ਪੁਰਾਣੇ ਘਰਾਂ ਵਿੱਚੋਂ ਇੱਕ ਹੈ। ਘਰ ਦੇ ਹਾਲਾਤ ਅਜਿਹੇ ਨੇ ਕਈ ਸਾਲਾਂ ਤੋਂ ਘਰ ਵਿੱਚ ਰੰਗ ਰੋਗਨ ਤੱਕ ਕਰਾਉਣ ਦੇ ਪੈਸੇ ਤੱਕ ਨਹੀਂ ਸੀ, ਕਮਾਈ ਇੰਨੀ ਕੁ ਸੀ ਕਿ ਪਰਿਵਾਰ ਦੀ ਰੋਜ਼ੀ ਰੋਟੀ ਠੀਕ ਢੰਗ ਨਾਲ ਚੱਲ ਜਾਂਦੀ ਸੀ, ਪਰ ਬਾਵਜੂਦ ਇਸਦੇ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਦੀ ਵੱਡੀ ਬੇਟੀ ਦੀ ਸ਼ਾਦੀ ਹੋ ਚੁੱਕੀ ਹੈ,ਛੋਟੀ ਬੇਟੀ ਅੱਜ ਜੱਜ ਬਣ ਚੁੱਕੀ ਹੈ ਅਤੇ ਸਭ ਤੋਂ ਛੋਟਾ ਬੇਟਾ ਪੜ੍ਹਾਈ ਕਰ ਰਿਹਾ ਹੈ। ਪਰਮਜੀਤ ਸਿੰਘ ਮੁਤਾਬਕ ਆਪਣੇ ਘਰ ਦੇ ਹਾਲਾਤ ਮਾੜੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੀ ਵੀ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਛੱਡੀ ਸੀ।
ਲੋਕ ਮਾਰਦੇ ਹੁੰਦੇ ਸੀ ਜੱਜ ਸਾਹਬ ਜੱਜ ਸਾਹਿਬ ਕਹਿ ਕੇ ਤਾਅਨੇ: ਜਸਮੀਤ ਕੌਰ ਦੇ ਪਿਤਾ ਪਰਮਜੀਤ ਸਿੰਘ ਮੁਤਾਬਕ ਜਦ ਆਪਣੀ ਬੇਟੀ ਨੂੰ ਐਲਐਲਬੀ ਕਰਾ ਕੇ ਉਨ੍ਹਾਂ ਨੇ ਉਸ ਦੀ ਜੱਜ ਬਣਨ ਦੀ ਪੜ੍ਹਾਈ ਸ਼ੁਰੂ ਕਰਵਾਈ ਤਾਂ ਪਿੰਡ ਦੇ ਹੀ ਬਹੁਤ ਸਾਰੇ ਲੋਕ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਕਿ ਇਹ ਪੜ੍ਹਾਈ ਕੋਈ ਸੌਖੀ ਨਹੀਂ ਅਤੇ ਆਮ ਇਨਸਾਨ ਦੇ ਵੱਸ ਦੀ ਵੀ ਨਹੀਂ। ਹਾਲਾਤ ਅਜਿਹੇ ਸੀ ਕਿ ਉਨ੍ਹਾਂ ਦੇ ਆਪਣੇ ਨਜ਼ਦੀਕੀ ਉਨ੍ਹਾਂ ਨੂੰ ਜੱਜ ਸਾਹਿਬ ਜਦ ਸਾਹਿਬ ਕਹਿ ਕੇ ਛੇੜਦੇ ਸੀ।
ਪਰਮਜੀਤ ਸਿੰਘ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਤਾਂ ਬਹੁਤ ਹੁੰਦਾ ਸੀ ਪਰ ਜਿੱਥੇ ਉਹ ਆਪਣੀ ਬੇਟੀ ਉਪਰ ਪੂਰਾ ਵਿਸ਼ਵਾਸ ਕਰੇ ਬੈਠੀ ਸੀ ਉਧਰ ਬੇਟੀ ਨੂੰ ਵੀ ਇਹੋ ਜਿਹੀਆਂ ਗੱਲਾਂ ਸੁਣ ਹੋਰ ਜ਼ਿਆਦਾ ਤਾਕਤ ਮਿਲਦੀ ਸੀ, ਪਰ ਅੱਜ ਜੋ ਉਨ੍ਹਾਂ ਦੀ ਬੇਟੀ ਨੇ ਕਰਕੇ ਦਿਖਾਇਆ ਹੈ ਉਸ ਤੋਂ ਬਾਅਦ ਹੁਣ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਅਤੇ ਹੁਣ ਉਹੀ ਲੋਕ ਘਰ ਆ ਕੇ ਵਧਾਈਆਂ ਦੇ ਰਹੇ ਹਨ।
ਉਨ੍ਹਾਂ ਦੇ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਸਾਰੇ ਲੋਕ ਗੱਲਾਂ ਕਰਦੇ ਸੀ ਕਿ ਇਨ੍ਹਾਂ ਦੀ ਬੇਟੀ ਜੱਜ ਕਿਵੇਂ ਬਣ ਸਕਦੀ ਹੈ, ਪਰ ਜਸਮੀਤ ਦੀ ਮਾਤਾ ਪਰਮਜੀਤ ਕੌਰ ਦੀ ਰੱਬ ਅੱਗੇ ਸੱਚੇ ਦਿਲੋਂ ਅਰਦਾਸ, ਉਨ੍ਹਾਂ ਦਾ ਆਪਣੀ ਬੇਟੀ ’ਤੇ ਭਰੋਸਾ ਅਤੇ ਬੇਟੀ ਦੀ ਪੜ੍ਹਾਈ ਵਿਚ ਪੂਰੀ ਲਗਨ ਅੱਜ ਉਨ੍ਹਾਂ ਦੇ ਪਰਿਵਾਰ ਨੂੰ ਉਸ ਉਚਾਈਆਂ ਤੱਕ ਲੈ ਜਾ ਚੁੱਕੀ ਹੈ ਜਿੱਥੇ ਪੂਰੇ ਪਿੰਡ ਦਾ ਕੋਈ ਹੋਰ ਨਹੀਂ ਪਹੁੰਚ ਸਕਿਆ।
ਦੂਜੀ ਬੇਟੀ ਹੋਣ ਤੇ ਮਾਂ ਨੇ ਵਹਾਏ ਸੀ ਅੱਥਰੂ: ਜਸਮੀਤ ਕੌਰ ਦੇ ਪਿਤਾ ਪਰਮਜੀਤ ਸਿੰਘ ਦੱਸਦੇ ਹਨ ਕਿ ਜਦ ਜਸਮੀਤ ਕੌਰ ਦਾ ਜਨਮ ਹੋਇਆ ਤੇ ਦਸ਼ਮੀਤ ਕੌਰ ਉਨ੍ਹਾਂ ਦੀ ਦੂਸਰੀ ਬੇਟੀ ਸੀ। ਬੇਟੀ ਦੇ ਜਨਮ ਦਾ ਪਤਾ ਲੱਗਣ ਤੋਂ ਬਾਅਦ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਮਾਂ ਚਾਹੁੰਦੀ ਸੀ ਕਿ ਇਕ ਵੱਡੀ ਬੇਟੀ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ਇਕ ਮੁੰਡਾ ਜਨਮ ਲੈਂਦਾ। ਜਸਮੀਤ ਦੇ ਪਿਤਾ ਪਰਮਜੀਤ ਸਿੰਘ ਦੇ ਮੁਤਾਬਕ ਉਨ੍ਹਾਂ ਨੇ ਆਪਣੀ ਪਤਨੀ ਨੂੰ ਉਸ ਵੇਲੇ ਕਿਹਾ ਸੀ ਕਿ ਉਨ੍ਹਾਂ ਦੀ ਇਹ ਬੇਟੀ ਹੀ ਉਨ੍ਹਾਂ ਨੂੰ ਬੇਟਾ ਬਣ ਕੇ ਦਿਖਾਏਗੀ ਅਤੇ ਅੱਜ ਉਨ੍ਹਾਂ ਦੀ ਕਹੀ ਇਹ ਗੱਲ ਸੱਚੀ ਹੋ ਚੁੱਕੀ ਹੈ।
ਹੁਣ ਮੇਰੇ ਮਾਤਾ ਪਿਤਾ ਮੇਰੇ ਨਾਮ ਤੋਂ ਜਾਣੇ ਜਾਂਦੇ ਹਨ: ਉੱਧਰ ਜਸਮੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ 2019 ਵਿੱਚ ਐਲਐਲਬੀ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਗੋਲਡ ਮੈਡਲ ਲਿਆ ਸੀ। ਉਸ ਸਮੇਂ ਤੋਂ ਬਾਅਦ ਉਸ ਨੇ ਵਕਾਲਤ ਨਾ ਕਰਨ ਦਾ ਫੈਸਲਾ ਲੈਂਦੇ ਹੋਏ ਜੱਜ ਬਣਨ ਦੀ ਪੜ੍ਹਾਈ ਸ਼ੁਰੂ ਕੀਤੀ, ਹਾਲਾਂਕਿ ਹਾਲਾਤ ਅਜਿਹੇ ਨਹੀਂ ਸੀ ਕਿ ਪਿਤਾ ਇਸ ਪੜ੍ਹਾਈ ਵਿੱਚ ਹੋਣ ਵਾਲਾ ਖਰਚਾ ਪੂਰੀ ਤਰ੍ਹਾਂ ਕਰ ਪਾਉਂਦੇ, ਪਰ ਕੁਝ ਆਪਣਿਆਂ ਦੀ ਮਦਦ ਦੇ ਨਾਲ ਨਾਲ ਅਜਿਹੇ ਇਨਸਾਨ ਵੀ ਮਿਲ ਗਏ ਜਿਨ੍ਹਾਂ ਨੇ ਨਾ ਸਿਰਫ਼ ਉਸ ਦੀ ਪੜ੍ਹਾਈ ਵਿਚ ਉਸਦੀ ਮਦਦ ਕੀਤੀ ਬਲਕਿ ਫਾਇਨੈਂਸ਼ਲ ਵੀ ਉਸ ਨੂੰ ਸਪੋਰਟ ਕੀਤੀ।
ਜਸਬੀਰ ਕੌਰ ਦਾ ਕਹਿਣਾ ਹੈ ਕਿ ਅੱਜ ਜੱਜ ਬਣਨ ਤੋਂ ਬਾਅਦ ਉਸ ਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ ਕਿ ਇਕ ਸਾਧਾਰਨ ਜਿਹੇ ਘਰ ਵਿੱਚ ਰਹਿਣ ਵਾਲੇ ਉਸਦੇ ਮਾਤਾ ਪਿਤਾ ਨੂੰ ਅੱਜ ਲੋਕ ਇਕ ਜੱਜ ਦੇ ਮਾਤਾ ਪਿਤਾ ਦੇ ਨਾਮ ਤੋਂ ਜਾਣਦੇ ਹਨ। ਉਸ ਦੇ ਮੁਤਾਬਕ ਇਹ ਨਾ ਸਿਰਫ ਉਸ ਦੇ ਮਾਤਾ ਪਿਤਾ ਲਈ ਮਾਣ ਦੀ ਗੱਲ ਹੈ ਬਲਕਿ ਉਸ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਜਸਮੀਤ ਕੌਰ ਜਿਸ ਨੂੰ ਕਦੀ ਪਰਮਜੀਤ ਸਿੰਘ ਅਤੇ ਪਰਮਜੀਤ ਕੌਰ ਦੀ ਬੇਟੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ, ਅੱਜ ਉਸ ਦੇ ਮਾਤਾ ਪਿਤਾ ਪਰਮਜੀਤ ਸਿੰਘ ਅਤੇ ਪਰਮਜੀਤ ਕੌਰ ਨੂੰ ਇਕ ਜੱਜ ਦੇ ਮਾਤਾ ਪਿਤਾ ਦੇ ਨਾਮ ਤੋਂ ਜਾਣਿਆ ਜਾ ਰਿਹਾ ਹੈ। ਉਸ ਦੇ ਮੁਤਾਬਕ ਇਸ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਬਹੁਤ ਮਿਹਨਤ ਕਰਨੀ ਪਈ। ਇਸ ਸਭ ਦੇ ਵਿੱਚ ਲੋਕਾਂ ਵੱਲੋਂ ਤਾਅਨੇ ਮਿਹਣੇ ਵੀ ਮਿਲੇ ਪਰ ਉਸ ਨੇ ਕਦੀ ਵੀ ਹਿੰਮਤ ਨਹੀਂ ਹਾਰੀ ਅਤੇ ਹਰ ਗੱਲ ਨੂੰ ਪੋਜ਼ੀਟਿਵ ਲੈਂਦੇ ਹੋਏ ਇਸ ਮੁਕਾਮ ਨੂੰ ਹਾਸਲ ਕੀਤਾ।
ਜਸਮੀਤ ਕੌਰ ਦੇ ਮੁਤਾਬਕ ਅੱਜ ਜੋ ਨੌਜਵਾਨ ਨੌਕਰੀ ਨਾ ਮਿਲਣ ਕਰਕੇ ਜਾਂ ਫਿਰ ਹੋਰ ਕੰਮਾਂ ਤੋਂ ਹਿੰਮਤ ਹਾਰ ਚੁੱਕੇ ਹਨ। ਅਜਿਹੇ ਨੌਜਵਾਨਾਂ ਨੂੰ ਆਪਣੀ ਕੋਸ਼ਿਸ਼ ਹਮੇਸ਼ਾ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਕਦੀ ਵੀ ਜ਼ਿੰਦਗੀ ਵਿੱਚ ਹਿੰਮਤ ਨਾ ਹਾਰੋ।
ਇਹ ਵੀ ਪੜੋ: ਅਰਵਿੰਦ ਕੇਜਰੀਵਾਲ ਨੇ ਨੋਟਾਂ 'ਤੇ ਤਸਵੀਰ ਬਦਲਣ ਨੂੰ ਲੈਕੇ ਦਿੱਤਾ ਬੇਤੁਕਾ ਬਿਆਨ !