ਜਲੰਧਰ: 5 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਉੱਤੇ ਕੋਵਿਡ ਕੇਅਰ ਸੈਂਟਰ ਉੱਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਜਲੰਧਰ ਦੇ ਕਪੂਰਥਲਾ ਰੋਡ ਉੱਤੇ ਸਪੋਰਟਸ ਕਾਲਜ ਦੇ ਬਾਹਰ ਧਰਨਾ ਲਗਾ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕੋਵਿਡ ਕੇਅਰ ਸੈਂਟਰ ਉੱਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਸੂਬਾ ਸਰਕਾਰ ਨੂੰ ਮੰਗ ਕੀਤੀ ਜਲਦ ਤੋਂ ਜਲਦ ਉਨ੍ਹਾਂ ਦੀ ਰੁਕੀ ਹੋਈ ਤਨਖ਼ਾਹ ਜਾਰੀ ਕੀਤੀ ਜਾਵੇ।
ਕੋਵਿਡ ਕੇਅਰ ਮੁਲਾਜ਼ਮ ਪ੍ਰਿਯਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਦੇ ਸਮੇਂ ਜਦੋਂ ਸਿਵਲ ਹਸਪਤਾਲ ਵਿੱਚ ਕੁਝ ਡਾਕਟਰ ਵੀ ਮਰੀਜ਼ਾਂ ਦੇ ਕੋਲ ਜਾਣ ਤੋਂ ਕਤਰਾ ਰਹੇ ਸੀ ਉਦੋਂ ਜਿੰਨੇ ਮੁਲਾਜ਼ਮਾਂ ਨੇ ਆਪਣੀ ਜਾਨ ਉੱਤੇ ਖੇਡ ਕੇ ਮਰੀਜ਼ਾਂ ਦੀ ਜਾਨ ਬਚਾਈ ਅੱਜ ਉਨ੍ਹਾਂ ਨੂੰ ਆਪਣੀ ਤਨਖ਼ਾਹ ਪਾਉਣ ਲਈ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਉਦੋਂ ਤੋਂ ਕੋਵਿਡ ਕੇਅਰ ਦੇ ਮੁਲਾਜ਼ਮਾਂ ਨੇ ਕੋਰੋਨਾ ਮਰੀਜ਼ਾਂ ਦੀ ਖ਼ੂਬ ਸੇਵਾ ਕਰ ਉਨ੍ਹਾਂ ਨੂੰ ਠੀਕ ਕਰ ਘਰ ਭੇਜ ਰਹੇ ਹਨ ਪਰ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਪਿਛਲੇ 5 ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਉਹ ਪਿਛਲੇ 5 ਮਹੀਨਿਆਂ ਤੋਂ ਆਪਣੇ ਪੱਲਿਓ ਪੈਸੇ ਖਰਚ ਕੇ ਆਪਣਾ ਆਉਣ-ਜਾਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਉਹ ਡੀਸੀ ਕੋਲ ਗਏ ਤਾਂ ਉਨ੍ਹਾਂ ਨੇ ਬਜਟ ਨਹੀਂ ਹੈ ਕਹਿ ਕੇ ਸਾਰ ਦਿੱਤਾ।
ਉਨ੍ਹਾਂ ਕਿਹਾ ਕਿ ਤਨਖ਼ਾਹਾਂ ਨਾਲ ਮਿਲਣ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਜਲਦ ਤੋਂ ਜਲਦ ਉਨ੍ਹਾਂ ਦੀ ਰੁਕੀ ਹੋਈ ਤਨਖ਼ਾਹ ਜਾਰੀ ਕੀਤੀ ਜਾਵੇ। ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੂਬਾ ਸਰਕਾਰ ਵਿਰੁੱਧ ਹੋਰ ਤਿੱਖਾ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ:25 ਹਜ਼ਾਰ ਨਕਦੀ ਤੇ 2 ਮੋਬਾਈਲ ਫੋਨਾਂ ਦੀ ਹੋਈ ਦੇਰ ਰਾਤ ਚੋਰੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ