ਫ਼ਗਵਾੜਾ: ਪੰਜਾਬ ਦੀਆਂ 4 ਸੀਟਾਂ ਮੁਲਾਂਪੁਰ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਾ ਦੀ ਗਿਣਤੀ ਹੋ ਰਹੀ ਹੈ। 8ਵੇਂ ਰਾਊਂਡ ਮਗਰੋਂ ਫਗਵਾੜਾ ਵਿੱਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਅਗੇ ਚੱਲ ਰਹੇ ਹਨ।
ਬਲਵਿੰਦਰ ਸਿੰਘ ਧਾਲੀਵਾਲ ਕਰੀਬ 10,788 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਰਾਜੇਸ਼ ਬਾਘਾ ਦੂਜੇ ਨੰਬਰ 'ਤੇ ਹਨ ਜਦਕਿ ਬਹੁਜਨ ਸਮਾਜ ਪਾਰਟੀ ਦੇ ਭਗਵਾਨ ਦਾਸ ਤੀਜੇ ਨੰਬਰ 'ਤੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਸੰਤੋਸ਼ ਕੁਮਾਰ ਗੋਗੀ ਕਾਫ਼ੀ ਪੀਛੇ ਚੱਲ ਰਹੇ ਹਨ। ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ ਵਿੱਚ ਕੀਤੀ ਜਾ ਰਹੀ ਹੈ।
ਵੋਟਾਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਫਗਵਾੜਾ ਸੀਟ ‘ਤੇ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਦਾ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਚੋਣਾਂ ਵੇਲੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਸੀ, ਜਿਸ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਨੇ ਚੋਣ ਨਿਸ਼ਾਨ ਨੂੰ ਗਲੇ 'ਚ ਪਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਦੱਸ ਦਈਏ ਕਿ ਫਗਵਾੜਾ ਸੀਟ 'ਤੇ ਪਿਛਲੇ ਕਾਫੀ ਸਾਲਾਂ ਤੋਂ ਭਾਜਪਾ ਦਾ ਕਬਜਾ ਰਿਹਾ।