ਜਲੰਧਰ: ਬਲੱਡ ਬੈਂਕਾਂ ਵਿੱਚ ਹੋਈ ਖ਼ੂਨ ਦੀ ਕਮੀ ਦੇ ਨਾਲ ਸਿਹਤ ਵਿਭਾਗ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਖ਼ੂਨ ਦੀ ਕਮੀ ਹੋਣ ਕਾਰਨ ਹੁਣ ਥੈਲੇਸੋਮੀਨੀਆ ਦੇ ਮਰੀਜ਼ ਵਿੱਚ ਖ਼ੂਨ ਚੜ੍ਹਾਉਣ ਦੀ ਮੁਸ਼ਕਿਲ ਆ ਰਹੀ ਹੈ। ਸਿਵਲ ਹਸਪਤਾਲ ਵਿੱਚ ਹਰ ਰੋਜ਼ ਥੈਲੇਸੋਮੀਨੀਆ ਦੇ ਨਾਲ ਪੀੜਤ ਬੱਚਿਆ ਨੂੰ ਖ਼ੂਨ ਚੜ੍ਹਾਉਣਾ ਹੁੰਦਾ ਹੈ ਪਰ ਹੁਣ ਇਸਦੇ ਲਈ ਖ਼ੂਨ ਦਾ ਪ੍ਰਬੰਧ ਹੋਣਾ ਮੁਸ਼ਕਿਲ ਹੋ ਗਿਆ ਹੈ।
ਹਸਪਤਾਲ ’ਚ ਹੋ ਰਹੀ ਖੂਨ ਦੀ ਕਮੀ
ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਵਿਚ ਬੈੱਡ ਅਤੇ ਆਕਸੀਜਨ ਦੀ ਕਿੱਲਤ ਹੋ ਗਈ ਹੈ ਜਿਸ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ ਪਰ ਹੁਣ ਇੱਕ ਹੋਰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹ ਹੈ ਖ਼ੂਨ ਦੀ ਕਮੀ। ਜਲੰਧਰ ਵਿੱਚ ਸਿਵਲ ਹਸਪਤਾਲ ਵਿੱਚ ਜਿਹੜੇ ਬੱਚੇ ਥੈਲੇਸੋਮੀਨੀਆ ਤੋਂ ਪੀੜਤ ਹੁੰਦੇ ਹਨ ਉਨ੍ਹਾਂ ਨੂੰ ਖੂਨ ਚੜ੍ਹਾਉਣਾ ਹੁੰਦਾ ਹੈ ਪਰ ਖੂਨ ਦੀ ਕਮੀ ਕਾਰਨ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਸਬੰਧ ਚ 14 ਸਾਲਾਂ ਥੈਲੇਸੋਮੀਨੀਆ ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦੇ ਬੇਟੇ ਨੂੰ 15 ਦਿਨਾਂ ਬਾਅਦ ਖ਼ੂਨ ਚੜਦਾ ਹੈ ਪਰ ਹੁਣ ਖ਼ੂਨ ਦੀ ਕਮੀ ਹੋਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਵਾਰ ਵਾਰ ਆਉਣਾ ਪੈ ਰਿਹਾ ਹੈ।
ਵੈਕਸੀਨ ਲਗਾਉਣ ਵਾਲੇ ਨਹੀਂ ਕਰ ਸਕਦੇ ਖੂਨਦਾਨ
ਇਸ ਸਬੰਧ ’ਚ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੇ ਡਾ. ਨਵਨੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਿੱਚ ਕੋਵਿਡ ਸੈਂਟਰ ਬਣਾ ਦਿੱਤਾ ਗਿਆ ਹੈ ਇਸ ਲਈ ਖ਼ੂਨ ਦਾਨੀ ਇੱਥੇ ਆਉਣ ਤੋਂ ਡਰਦੇ ਹਨ ਜਦ ਕਿ ਇੱਥੇ ਪੂਰੀ ਤਰ੍ਹਾਂ ਸੁਰੱਖਿਅਤ ਹੈ ਕੋਰੋਨਾ ਪੀੜਤ ਹੋ ਚੁੱਕੇ ਅਤੇ ਵੈਕਸੀਨ ਲਗਵਾ ਚੁੱਕੇ ਲੋਕ ਦੋ ਮਹੀਨੇ ਤੱਕ ਖ਼ੂਨ ਨਹੀਂ ਦੇ ਸਕਦੇ ਇਸ ਲਈ ਖ਼ੂਨ ਦੀ ਕਮੀ ਹੋ ਰਹੀ ਹੈ। ਹਸਪਤਾਲ ਚ ਹਰ ਰੋਜ਼ ਗਰਭਵਤੀ ਔਰਤਾਂ, ਹਾਦਸਿਆਂ ਦੇ ਮਾਮਲੇ, ਥੈਲੇਸੋਮੀਨੀਆ ਦੇ ਮਰੀਜ਼ਾਂ ਲਈ ਖੂਨ ਦੀ ਲੋੜ ਪੈਂਦੀ ਹੈ ਪਰ 45 ਸਾਲਾਂ ਤੋਂ ਘੱਟ ਲੋਕਾਂ ਦੇ ਵੈਕਸੀਨ ਲਗਾਉਣ ਕਾਰਨ ਹੋਰ ਵੀ ਦਿੱਕਤਾਂ ਆ ਰਹੀਆਂ ਹੈ। ਜਿਸ ’ਤੇ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਖੂਨਦਾਨੀ ਬਿਨਾਂ ਕਿਸੇ ਡਰ ਤੋਂ ਖ਼ੂਨ ਦਾਨ ਕਰਨ ਲਈ ਇੱਥੇ ਆ ਸਕਦੇ ਹਨ। ਕਾਬਿਲੇਗੌਰ ਹੈ ਕਿ ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਪੁਖਤਾ ਕਦਮ ਨਹੀਂ ਚੁੱਕੇ ਤਾਂ ਆਕਸੀਜਨ ਤੋਂ ਜਿਆਦਾ ਘਾਤਕ ਖ਼ੂਨ ਦੀ ਕਮੀ ਹੋਵੇਗੀ।
ਇਹ ਵੀ ਪੜੋ: 24 ਘੰਟਿਆਂ 'ਚ ਕੋਰੋਨਾ ਦੇ 3,79,257 ਨਵੇਂ ਮਾਮਲੇ ਅਤੇ 3,645 ਮੌਤਾਂ