ਜਲੰਧਰ: ਦੁਨੀਆਂ ਭਰ ਵਿੱਚ ਮੰਗਲਵਾਰ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਇਸ ਦਿਨ ਕਈ ਸਮਾਜਿਕ ਅਤੇ ਹੋਰ ਜਥੇਬੰਦੀਆਂ ਇਸ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਉੱਥੇ ਹੀ ਕਈ ਲੋਕ ਅਜਿਹੇ ਵੀ ਹਨ ਜੋ ਇਸ ਬਿਮਾਰੀ ਨਾਲ ਜੂਝਦੇ ਹੋਏ ਆਪਣੀ ਇੱਛਾ ਸ਼ਕਤੀ ਨਾਲ ਇਸ 'ਤੇ ਜਿੱਤ ਹਾਸਲ ਕਰ ਰਹੇ ਹਨ।
ਅਜਿਹਾ ਹੀ ਮਾਮਲਾ ਹੈ ਜਲੰਧਰ ਦੇ ਪਿੰਡ ਲੱਧੇਵਾਲੀ ਤੋਂ ਜਿੱਥੇ ਅਸ਼ੋਕ ਕੁਮਾਰ ਪਿਛਲੇ 6 ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਅਸ਼ੋਕ ਕੁਮਾਰ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਉਸ ਦੀਆਂ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਅਸ਼ੋਕ ਕੁਮਾਰ ਦੀ ਦਾੜ੍ਹ ਵਿੱਚ ਹਲਕੀ ਦਰਦ ਹੋਈ ਸੀ ਜਿਸ ਤੋਂ ਬਾਅਦ ਕਰੀਬ ਇੱਕ ਹਫ਼ਤੇ ਬਾਅਦ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਹੋ ਗਿਆ ਹੈ। ਬਿਮਾਰੀ ਕਾਰਨ ਉਸ ਦੇ ਘਰ ਦੇ ਹਾਲਾਤ ਬੇਹਦ ਨਾਜ਼ੁਕ ਹੋ ਗਏ ਹਨ। ਆਪਣੀ ਜਿਓਣ ਦੀ ਇੱਛਾ ਸ਼ਕਤੀ ਅਤੇ ਪਰਿਵਾਰ ਦੇ ਸਾਥ ਨਾਲ ਹੀ ਅੱਜ ਅਸ਼ੋਕ ਕੁਮਾਰ ਇਸ ਭਿਆਨਕ ਬਿਮਾਰੀ ਨਾਲ ਲੜ ਕੇ ਜ਼ਿੰਦਗੀ ਜੀਅ ਰਿਹਾ ਹੈ।
ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਅੰਦੋਲਨ ਨੂੰ ਡਰਾਮਾ ਦੱਸਣ ਵਾਲੇ ਹੇਗੜੇ ਨੇ ਲਿਆ ਯੂ-ਟਰਨ
ਅਸ਼ੋਕ ਕੁਮਾਰ ਦੇ ਵੱਡੇ ਭਰਾ ਮਨੋਹਰ ਲਾਲ ਦਾ ਕਹਿਣਾ ਹੈ ਕਿ ਕਰੀਬ 6 ਮਹੀਨੇ ਪਹਿਲਾਂ ਅਸ਼ੋਕ ਕੁਮਾਰ ਨੂੰ ਇਹ ਬੀਮਾਰੀ ਹੋਈ ਸੀ ਜਿਸ ਤੋਂ ਬਾਅਦ ਉਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਚੱਲਦੇ ਘਰ ਦੇ ਹਾਲਾਤ ਵੀ ਕਾਫ਼ੀ ਮਾੜੇ ਹੋ ਗਏ ਹਨ। ਉੱਥੇ ਹੀ ਮਰੀਜ਼ ਦੇ ਭਰਾ ਦਾ ਕਹਿਣਾ ਹੈ ਕਿ ਅਜਿਹੇ ਮਰੀਜ਼ਾਂ ਨੂੰ ਸਭ ਤੋਂ ਵੱਧ ਲੋੜ ਆਪਣੇ ਪਰਿਵਾਰ ਦੀ ਹੁੰਦੀ ਹੈ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਆਪਣੇ ਪਰਿਵਾਰ ਦਾ ਸਾਥ ਮਿਲਦਾ ਹੈ, ਉਹ ਇਸ ਬੀਮਾਰੀ ਨਾਲ ਆਸਾਨੀ ਨਾਲ ਲੜ ਲੈਂਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਇਲਾਜ ਨੂੰ ਹੋਰ ਸਸਤਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਗ਼ਰੀਬ ਲੋਕ ਇਸ ਭਿਆਨਕ ਬਿਮਾਰੀ ਦਾ ਇਲਾਜ਼ ਕਰਾ ਕੇ ਆਪਣੀ ਜਾਨ ਬਚਾ ਸਕਣ।