ਜਲੰਧਰ: ਕਹਿੰਦੇ ਨੇ ਸਟਾਰ (Star) ਬਣਨ ਦੀ ਕੋਈ ਉਮਰ ਨਹੀਂ ਹੁੰਦੀ, ਜੇਕਰ ਤੁਹਾਡੇ ਅੰਦਰ ਕਾਬਲੀਅਤ ਹੈ ਤਾਂ ਫੇਰ ਕਾਮਯਾਬੀ ਤੁਹਾਡੀ ਉਮਰ ਨਹੀ ਦੇਖਦੀ। ਕੁਝ ਐਸਾ ਹੀ ਹੈ ਜਲੰਧਰ ਦੇ ਰੋਜ਼ ਗਾਰਡਨ ਇਲਾਕੇ (Rose Garden area of Jalandhar) ਦਾ ਰਹਿਣ ਵਾਲਾ ਭਵਯ ਬੱਤਰਾ, ਭਾਵੇਂ ਭਵਯ ਬੱਤਰਾ ਦੀ ਉਮਰ ਮਹਿਜ਼ ਗਿਆਰਾਂ ਸਾਲ ਹੈ, ਪਰ ਰੱਬ ਨੇ ਉਸ ਨੂੰ ਉਹ ਕਲਾ ਦਿੱਤੀ ਹੈ ਜਿਸ ਨੂੰ ਦੇਖ ਚੰਗੇ ਚੰਗੇ ਲੋਕ ਹੈਰਾਨ ਰਹਿ ਜਾਂਦੇ ਹਨ।
ਮਹਿਜ਼ ਗਿਆਰਾਂ ਸਾਲ ਦੀ ਉਮਰ ਵਿੱਚ ਬਣਾਉਂਦਾ ਹੈ ਸੈਲੀਬ੍ਰਿਟੀਜ਼ ਦੇ ਪੋਰਟਰੇਟ: ਬੱਤਰਾ ਜਿਸ ਦੀ ਉਮਰ ਮਹਿਜ਼ ਗਿਆਰਾਂ ਸਾਲ ਹੈ ਅਤੇ ਉਹ ਇਸ ਸਮੇਂ 6ਵੀਂ ਕਲਾਸ ਵਿੱਚ ਪੜ੍ਹ ਰਿਹਾ ਹੈ। ਇਸ ਉਮਰ ਵਿੱਚ ਜਿੱਥੇ ਬੱਚੇ ਆਪਣੇ ਮਾਂ ਬਾਪ ਦੇ ਨਾਮ ਪੁੱਜ ਜਾਣੇ ਜਾਂਦੇ ਹਨ, ਉੱਥੇ ਅੱਜ ਬੱਤਰਾ ਦੇ ਮਾਂ ਬਾਪ ਆਪਣੇ ਬੇਟੇ ਦੇ ਨਾਮ ਤੋਂ ਜਾਣੇ ਜਾਂਦੇ ਹਨ। ਬੱਤਰਾ ਆਪਣੇ ਛੋਟੇ-ਛੋਟੇ ਹੱਥਾਂ ਨਾਲ ਵੱਡੇ- ਵੱਡੇ ਨੇਤਾਵਾਂ, ਸੰਤਾ ਅਤੇ ਸੈਲੀਬ੍ਰਿਟੀਜ਼ ਦੀਆਂ ਪੇਂਟਿੰਗ ਬਣਾ ਕੇ ਉਨ੍ਹਾਂ ਨੂੰ ਪ੍ਰੈਜੇੈਨਟ ਕਰ ਚੁੱਕਿਆ ਹੈ। ਫਿਰ ਚਾਹੇ ਉਹ ਪੰਜਾਬ ਦੇ ਕਈ ਆਈ.ਪੀ.ਐੱਸ ਅਤੇ ਆਈ.ਏ.ਐੱਸ ਅਫ਼ਸਰ (Many IPS and IAS officers of Punjab) ਹੋਣ ਜਾਂ ਫਿਰ ਦੁਨੀਆਂ ਵਿੱਚ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ।
ਬੱਚੇ ਦੇ ਮਾਂ ਬਾਪ ਬੱਚੇ ਦੀ ਇਸ ਉਪਲੱਬਧੀ ਤੇ ਬੇਹੱਦ ਖੁਸ਼: ਭਵਯ ਬੱਤਰਾ ਦੇ ਮਾਤਾ-ਪਿਤਾ ਵੀ ਆਪਣੇ ਬੇਟੇ ਦੀ ਇਸ ਉਪਲੱਬਧੀ ਤੋਂ ਬੇਹੱਦ ਖੁਸ਼ ਹਨ। ਭਵਯ ਬੱਤਰਾ ਦੀ ਮਾਂ ਵੰਦਨਾ ਬੱਤਰਾ ਦਾ ਕਹਿਣਾ ਹੈ ਕਿ ਅੱਜ ਉਹ ਆਪਣੇ ਬੱਚੇ ਕਰਕੇ ਹੀ ਵੱਡੇ-ਵੱਡੇ ਲੋਕਾਂ ਨਾਲ ਮੁਲਾਕਾਤ ਕਰ ਪਾ ਰਹੇ ਹਨ। ਉਨ੍ਹਾਂ ਦੇ ਮੁਤਾਬਕ ਇਸ ਨਾਲੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਕੀ ਹੋ ਸਕਦੀ ਹੈ, ਕਿ ਉਨ੍ਹਾਂ ਨੂੰ ਅੱਜ ਉਨ੍ਹਾਂ ਦੇ ਬੇਟੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਜੋ ਮਹਿਜ਼ ਗਿਆਰਾਂ ਸਾਲ ਦਾ ਹੈ।
ਉਨ੍ਹਾਂ ਦੱਸਿਆ ਕਿ ਭਵਯ ਬੱਤਰਾ ਨੇ ਮਹਿਜ਼ ਚਾਰ ਸਾਲ ਦੀ ਉਮਰ ਵਿੱਚ ਇਹ ਛੋਟੀਆਂ ਮੋਟੀਆਂ ਪੇਂਟਿੰਗ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਸ ਦਾ ਇਹ ਸ਼ੌਕ ਹੌਲੀ-ਹੌਲੀ ਉਸ ਨੂੰ ਇਸ ਮੁਕਾਮ ‘ਤੇ ਲੈ ਆਇਆ ਕਿ ਅੱਜ ਵੱਡੇ-ਵੱਡੇ ਲੋਕ ਉਸ ਦੇ ਬੇਟੇ ਨੂੰ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਭਵਯ ਬੱਤਰਾ ਅਜੇ ਸਕੂਲ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਦੇ ਨਾਲ-ਨਾਲ ਆਪਣੀ ਪੇਂਟਿੰਗ ਦਾ ਸ਼ੌਕ ਵੀ ਪੂਰਾ ਕਰ ਰਿਹਾ ਹੈ, ਪਰ ਉਨ੍ਹਾਂ ਦਾ ਬੇਟਾ ਵੱਡਾ ਹੋ ਕੇ ਆਈ.ਏ.ਐੱਸ ਅਫਸਰ ਬਣਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਰੇਹੜੀ ’ਤੇ ਕੱਪੜੇ ਵੇਚਣ ਵਾਲੇ ਨੂੰ ਮਿਲੇ 2 ਗੰਨਮੈਨ, ਜਾਣੋ ਕੀ ਹੈ ਮਾਮਲਾ...