ਫਗਵਾੜਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਤੇ ਸਵਾਲ ਜੋ ਖੜ੍ਹੇ ਹੋ ਰਹੇ ਹਨ ਉਹ ਰੁਕਣ ਦਾ ਨਾਂਅ ਨਹੀਂ ਲੈ ਰਹੇ ਅਤੇ ਆਏ ਦਿਨ ਬੇਖੌਫ਼ ਹਮਲਾਵਰ ਦੀਆਂ ਗੋਲੀਆਂ ਦਾ ਸ਼ਿਕਾਰ ਆਮ ਲੋਕ ਰਬਣ ਰਹੇ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਸੰਘਣੀ ਆਬਾਦੀ ਵਾਲੇ ਅਣਖੀ ਨਗਰ ਤੋਂ ਜਿੱਥੇ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰ ਵੱਲੋਂ ਸਥਾਨਕ ਕਰਿਆਨਾ ਵਪਾਰੀ ਸੰਜੇ ਸਚਦੇਵਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਕਰਿਆਨਾ ਕਾਰੋਬਾਰੀ ਦੀ ਛਾਤੀ 'ਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਾਲਤ ਗੰਭੀਰ: ਥਾਣਾ ਸਿਟੀ ਫਗਵਾੜਾ ਦੇ ਐੱਸਐੱਚਓ ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਜ਼ਖ਼ਮੀ ਕਰਿਆਨਾ ਵਪਾਰੀ ਸੰਜੇ ਸਚਦੇਵਾ ਕਰਿਆਨੇ ਦੀ ਦੁਕਾਨ ਦੇ ਨਾਲ-ਨਾਲ ਮਨੀ ਐਕਸਚੇਂਜ ਦਾ ਵੀ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਕਰਿਆਨਾ ਵਪਾਰੀ ਨੂੰ ਜ਼ਖ਼ਮੀ ਹਾਲਤ 'ਚ ਸਥਾਨਕ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਹਮਲੇ ਦਾ ਮਕਸਦ ਸਪੱਸ਼ਟ ਨਹੀਂ: ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਕਰਿਆਨਾ ਕਾਰੋਬਾਰੀ ਸੰਜੇ ਸਚਦੇਵਾ ਨੂੰ ਗੋਲੀ ਕਿਉਂ ਮਾਰੀ ਅਤੇ ਇਸ ਪਿੱਛੇ ਕੀ ਮਕਸਦ ਸੀ। ਦੂਜੇ ਪਾਸੇ ਇਸ ਵਾਰਦਾਤ ਪ੍ਰਤੱਖਦਰਸ਼ੀ ਵੀ ਪੁਲਿਸ ਦੇ ਸਾਹਮਣੇ ਆਇਆ ਹੈ ਅਤੇ ਪੁਲਿਸ ਨੇ ਉਸ ਦੇ ਬਿਆਨ ਦਰਜ ਕੀਤੇ ਹਨ। ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਕਰਿਆਨਾ ਵਪਾਰੀਆਂ 'ਚ ਕਾਫ਼ੀ ਡਰ ਅਤੇ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਲੋਕ ਸਵਾਲ ਕਰ ਰਹੇ ਹਨ ਕਿ ਫਗਵਾੜਾ 'ਚ ਅਮਨ ਕਾਨੂੰਨ ਦੀ ਸਥਿਤੀ ਇੰਨੀ ਮਾੜੀ ਕਿਉਂ ਹੋ ਗਈ ਹੈ ਕਿ ਗੁੰਡੇ ਅਨਸਰ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ-ਖੋਹ ਅਤੇ ਗੋਲੀਆਂ ਮਾਰ ਕੇ ਸ਼ਰ੍ਹੇਆਮ ਜ਼ਖਮੀ ਕਰ ਰਹੇ ਹਨ। ਦੱਸ ਦਈਏ ਕਿ ਫਗਵਾੜਾ ਥਾਣੇ 'ਚ ਤਾਇਨਾਤ ਐੱਸਐੱਚਓ ਸਿਟੀ ਫਗਵਾੜਾ ਅਮਨਦੀਪ ਸਿੰਘ ਨਾਹਰ ਦੇ ਗੰਨਮੈਨ ਕੁਲਦੀਪ ਸਿੰਘ ਬਾਜਵਾ ਦਾ ਬੀਤੇ ਦਿਨੀਂ ਫਗਵਾੜਾ 'ਚ ਪੰਜਾਬ ਦੇ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: AAP leader Malwinder Kang: ਅਕਾਲੀਆਂ-ਕਾਂਗਰਸੀਆਂ ਨੇ ਬਣਾਇਆ ਸੀ ਪੰਜਾਬ ਦੀ ਸੱਤਾ ਦਾ ਮਖੌਲ, ਮਜੀਠੀਆ ਉੱਤੇ ਵਰ੍ਹੇ ਆਪ ਆਗੂ ਕੰਗ