ਜਲੰਧਰ: ਸ਼ਹਿਰ 'ਚ ਆਪਸੀ ਝਗੜੇ ਅਤੇ ਖੂਨ-ਖਰਾਬੇ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਥਾਣਾ ਦੋ ਅਧੀਨ ਪੈਂਦੇ ਨੀਲਾ ਮਹਿਲ ਤੋਂ ਸਾਹਮਣੇ ਆਇਆ ਹੈ ਜਿੱਥੇ ਆਪਸੀ ਰੰਜਿਸ਼ ਕਾਰਨ ਕੁੱਝ ਨੌਜਵਾਨਾਂ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਉਸ 'ਤੇ ਤਲਵਾਰਾਂ ਨਾਲ ਹਮਲਾ ਕੀਤਾ।
ਪੀੜਤ ਦੀ ਪਛਾਣ ਦੀਪਕ ਵਜੋਂ ਹੋਈ ਹੈ। ਇਹ ਹਮਲਾ ਕੁੱਝ ਦਿਨ ਪਹਿਲਾਂ ਹੋਇਆ ਸੀ ਜਿਸ ਦੀ ਸੀਸੀਟੀਵੀ ਫੂਟੇਜ ਹੁਣ ਸਾਹਮਣੇ ਆਈ ਹੈ। ਹਮਲਾ ਕਰਨ ਵਾਲੇ ਰਾਤ ਦੇ ਹਨੇਰੇ 'ਚ ਆਏ ਅਤੇ ਘਰ ਜਾ ਰਹੇ ਮੋਟਰਸਾਈਕਲ ਸਵਾਰ ਨੌਜਵਾਨ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਨੌਜਵਾਨ ਸੜਕ ਉੱਤੇ ਤੜਫਦਾ ਰਿਹਾ ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਆਇਆ। ਸੂਤਰਾਂ ਮੁਤਾਬਕ ਹਮਲਾ ਕਰਨ ਵਾਲਾ ਨਗਰ ਨਿਗਮ ਜਲੰਧਰ ਦਾ ਕਰਮਚਾਰੀ ਹੈ। ਵੀਡੀਓ ਸਾਹਮਣੇ ਆਉਣ 'ਤੇ ਕਮਿਸ਼ਨਰੇਟ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।